ਪਨੀਰੀ ਦੀ ਬਿਜਾਈ ਜਾਂ ਝੋਨੇ ਦੀ ਸਿੱਧੀ ਬਿਜਾਈ ਵਿੱਚ ਇਹ 2 ਗਲਤੀਆਂ ਨਾ ਕਰਨ ਕਿਸਾਨ, ਘਟ ਸਕਦਾ ਹੈ ਝਾੜ

ਕਿਸਾਨ ਵੀਰੋ ਇਸ ਵਾਰ ਝੋਨੇ ਦਾ ਸੀਜ਼ਨ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਿਸਾਨ ਵੀਰ ਇਸ ਵਾਰ ਲੇਬਰ ਦੀ ਸਮੱਸਿਆ ਦੇ ਕਾਰਨ ਅਗੇਤੀ ਪਨੀਰੀ ਲਗਾਉਣਾ ਚਾਹੁੰਦੇ ਹਨ। ਕਿਉਂਕਿ ਪਨੀਰੀ ਦੀ ਬਿਜਾਈ ਦੇ ਸਮੇਂ ਦਾ ਵੀ ਝੋਨੇ ਦੇ ਝਾੜ ਉੱਤੇ ਕਾਫੀ ਵੱਡਾ ਅਸਰ ਦੇਖਣ ਨੂੰ ਮਿਲਦਾ ਹੈ। ਪਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਜਾਂ ਫਿਰ ਪਨੀਰੀ ਦੀ ਬਿਜਾਈ ਵਿੱਚ ਦੋ ਅਜਿਹੀਆਂ ਗਲਤੀਆਂ ਕਰਦੇ ਹਨ ਜਿਸਦਾ ਸਿੱਧਾ ਅਸਰ ਝੋਨੇ ਦੇ ਝਾੜ ਉੱਤੇ ਪੈਂਦਾ ਹੈ।

ਅੱਜ ਅਸੀਂ ਤੁਹਾਨੂੰ ਤੁਹਾਨੂੰ ਦੱਸਾਂਗੇ ਕਿ ਸਿੱਧੀ ਬਿਜਾਈ ਜਾਂ ਫਿਰ ਪਨੀਰੀ ਦੀ ਬਿਜਾਈ ਸਮੇਂ ਕਿਹੜੀਆਂ 2 ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਜਿਸ ਨਾਲ ਵੱਧ ਝਾੜ ਮਿਲ ਸਕੇ। ਇਸ ਵਾਰ ਝੋਨੇ ਦਾ ਸੀਜ਼ਨ ਪਹਿਲਾਂ ਸ਼ੁਰੂ ਹੋਣ ਕਾਰਨ ਕਿਸਾਨ ਵੀਰ ਵੱਖ ਵੱਖ ਢੰਗ ਨਾਲ ਸਿੱਧੀ ਬਿਜਾਈ ਕਰ ਰਹੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਮੌਸਮ ਅਤੇ ਝੋਨੇ ਦੇ ਪੱਕਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸਕਰ PR ਕਿਸਮਾਂ ਵਿੱਚ ਪਨੀਰੀ ਦੀ ਬਿਜਾਈ ਅਤੇ ਝੋਨੇ ਦੀ ਲਵਾਈ ਬਹੁਤੀ ਜਲਦੀ ਨਹੀਂ ਕਰਨੀ ਚਾਹੀਦੀ।

ਕਿਉਂਕਿ ਜੇਕਰ ਬਿਜਾਈ ਜਲਦੀ ਕੀਤੀ ਜਾਵੇਗੀ ਤਾਂ ਝੋਨੇ ਥੋੜਾ ਜਲਦੀ ਪੱਕੇਗਾ ਜਿਸ ਕਾਰਨ ਜਿਆਦਾ ਤਾਪਮਾਨ ਅਤੇ ਬਰਸਾਤੀ ਸੀਜ਼ਨ ਕਾਰਨ ਝੋਨੇ ਦਾ ਝਾੜ ਘਟ ਸਕਦਾ ਹੈ ਅਤੇ ਹੋਰ ਵੀ ਕਈ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਇੱਕ ਜੂਨ ਤੋਂ ਬਾਅਦ ਕਰੋ। ਜੋ ਕਿਸਾਨ ਮਈ ਵਿਚ ਹੀ ਸਿੱਧੀ ਬਿਜਾਈ ਕਰਨ ਜਾ ਰਹੇ ਹਨ ਉਹ ਇੱਕ ਵੱਡੀ ਗ਼ਲਤੀ ਕਰ ਰਹੇ ਹਨ। ਕਿਉਂਕਿ ਫਸਲ ਸਿੱਧੀ ਬਿਜਾਈ ਨਾਲ ਹਮੇਸ਼ਾ 10 ਤੋਂ 15 ਦਿਨ ਪਹਿਲਾਂ ਪੱਕ ਜਾਂਦੀ ਹੈ।

ਇਸੇ ਤਰਾਂ ਪਨੀਰੀ ਵੀ 15 ਜਾਂ 20 ਮਈ ਤੋਂ ਪਹਿਲਾਂ ਨਾ ਬੀਜੋ ਅਤੇ 15 ਜੂਨ ਤੋਂ ਪਹਿਲਾਂ ਝੋਨਾ ਲਾਉਣਾ ਨਾ ਸ਼ੁਰੂ ਕਰੋ। ਇੱਕ ਸਮੱਸਿਆ ਇਹ ਹੈ ਕਿ ਜੇਕਰ ਤੁਸੀਂ ਬਿਨਾ ਰੌਣੀ ਤੋਂ ਸਿੱਧੀ ਬਿਜਾਈ ਕਰਦੇ ਹੋ ਤਾਂ ਸ਼ੁਰੂਆਤ ਵਿਚ ਹੀ ਨਦੀਨਾਂ ਦੀ ਸਮੱਸਿਆ ਆ ਜਾਵੇਗੀ। ਇਸੇ ਲਈ ਡਬਲ ਰੌਣੀ ਕਰਕੇ ਹੀ ਸਿੱਧੀ ਬਿਜਾਈ ਕਰੋ ਤਾਕਿ ਪਿਛਲੇ ਸਾਲ ਦਾ ਸਾਰਾ ਬੀਜ ਚੰਗੀ ਤਰਾਂ ਵਾਹਿਆ ਜਾ ਸਕੇ।

ਇਸਤੋਂ ਬਾਅਦ ਗੱਲ ਕਰੀਏ ਤਾਂ ਕਣਕ ਅਤੇ ਝੋਨੇ ਦੀਆਂ ਫਸਲਾਂ ਵਿਚ ਪੋਟਾਸ਼ ਦਾ ਬਹੁਤ ਜਿਆਦਾ ਮਹੱਤਵ ਹੈ। ਇਹ ਫਸਲਾਂ ਕਾਫੀ ਜਿਆਦਾ ਮਾਤਰਾ ਵਿਚ ਇਹ ਤੱਤ ਲੈਂਦੀਆਂ ਹਨ। ਇਸ ਲਈ ਜਦੋਂ ਕਿਸਾਨ ਪੋਟਾਸ਼ੀਅਮ ਤੱਤ ਨਹੀਂ ਪਾਉਂਦੇ ਉਦੋਂ ਜ਼ਮੀਨ ਵਿਚ ਕੋਈ ਨਾ ਕੋਈ ਕਮੀ ਆ ਜਾਂਦੀ ਹੈ। ਸ਼ੁਰੂਆਤ ਵਿਚ ਝੋਨੇ ਦੀ ਫਸਲ ਨੂੰ ਨਾਈਟ੍ਰੋਜਨ ਤੋਂ ਵੀ ਜਿਆਦਾ ਪੋਟਾਸ਼ ਤੱਤ ਦੀ ਜਰੂਰਤ ਪੈਂਦੀ ਹੈ। ਕਿਉਂਕਿ ਬੂਟਿਆਂ ਨੂੰ ਸਾਰੇ ਜਰੂਰੀ ਤੱਤ ਦੇਣ ਵਿਚ ਇਸ ਤੱਤ ਦਾ ਬਹੁਤ ਵੱਡਾ ਮਹੱਤਵ ਹੈ।

ਜਦੋਂ ਫਸਲ ਨੂੰ ਪੋਟਾਸ਼ੀਅਮ ਤੱਤ ਸਹੀ ਮਾਤਰਾ ਵਿਚ ਮਿਲਦਾ ਹੈ ਉਸ ਜਗ੍ਹਾ ਫਸਲ ਵਿਚ ਕੀੜੇ ਮਕੌੜੇ ਜਾਂ ਗੋਭ ਦੀ ਸੁੰਢੀ ਦਾ ਹਮਲਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਨਾਲ ਹੀ ਫਸਲ ਦਾ ਤਣਾ ਬਹੁਤ ਮਜਬੂਤ ਰਹਿੰਦਾ ਹੈ ਅਤੇ ਫਸਲ ਡਿੱਗਦੀ ਬਹੁਤ ਘੱਟ ਹੈ। ਇਸ ਲਈ ਕਿਸਾਨ ਵੀਰ ਮਿੱਟੀ ਦੀ ਪਰਖ ਦੇ ਅਨੁਸਾਰ ਪੋਟਾਸ਼ੀਅਮ ਦਾ ਇਸਤੇਮਾਲ ਜਰੂਰ ਕਰਨ।