ਮਨਾਲੀ ਤੋਂ ਵੀ ਸੋਹਣੀ ਹੈ ਪੰਜਾਬ ਦੀ ਇਹ ਜਗ੍ਹਾ, ਇਸ ਤਰਾਂ ਕਰੋ ਬੁਕਿੰਗ

ਪੰਜਾਬ ਬਹੁਤ ਸਾਰੇ ਲੋਕ ਅਕਸਰ ਛੁੱਟੀਆਂ ਦੇ ਦਿਨਾਂ ਵਿਚ ਠੰਡੀਆਂ ਥਾਵਾਂ ਜਿਵੇਂ ਮਨਾਲੀ, ਡਲਹੌਜ਼ੀ, ਮਕਲੋਡਗੰਜ ਅਤੇ ਧਰਮਸ਼ਾਲਾ ਤੇ ਘੁੰਮਣ ਜਾਂਦੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਵੀ ਇੱਕ ਅਜਿਹੀ ਜਗ੍ਹਾ ਹੈ ਜੋ ਇਨ੍ਹਾਂ ਇਲਾਕਿਆਂ ਤੋਂ ਵੀ ਸੋਹਣੀ ਹੈ। ਪਠਾਨਕੋਟ ਦੇ ਆਸ ਪਾਸ ਪੈਂਦੇ ਪਹਾੜੀ ਇਲਾਕੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਅਤੇ ਦਿਲ ਖਿੱਚਵੇਂ ਨਜ਼ਾਰਿਆਂ ਨਾਲ ਭਰੇ ਹਨ।

ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਪਰ ਹੁਣ  ਬਹੁਤੇ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਬਾਰੇ ਪਤਾ ਚੱਲਿਆ ਹੈ ਅਤੇ ਲੋਕ ਇਥੇ ਘੁੱਮਣ ਜਾਣ ਦਾ ਸੋਚ ਰਹੇ ਹਨ। ਇਨ੍ਹਾਂ ਇਲਾਕਿਆਂ ‘ਚ ਧਾਰਕਲਾਂ ਦੀ ਫੰਗੋਤਾ ਝੀਲ ਅਤੇ ਉੱਥੇ ਬਣਿਆ ਜੰਗਲਾਤ ਵਿਭਾਗ ਦਾ ਆਰਾਮ ਘਰ, ਦੁਨੇਰੇ ਦੇ ਕਰੀਬ ਪੈਂਦੇ ਅੱਟਲ ਸੇਤੂ ਪੁਲ ਅਤੇ ਮਾਧੋਪੁਰ ਦੇ ਆਸ ਪਾਸ ਦੇ ਇਲਾਕੇ ਸ਼ਾਮਿਲ ਹਨ। ਇਸ ਸਮੇ ਇਨ੍ਹਾਂ ਇਲਾਕਿਆਂ ‘ਚੋਂ ਸਭ ਤੋਂ ਵੱਧ ਫੰਗੋਤਾ ਝੀਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਜਿੱਥੇ ਖੁੱਲ੍ਹਾ ਮੈਦਾਨ ਅਤੇ ਘਾਹ ਚਰਦੇ ਪਸ਼ੂ ਦੇਖ ਕੇ ਮਨ ਗਦਗਦ ਹੋ ਜਾਂਦਾ ਹੈ।

ਨਾਲ ਹੀ ਝੀਲ ਦਾ ਸਾਫ਼ ਸੁਥਰਾ ਪਾਣੀ ਇਥੋਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ। ਹੁਣ ਹਰ ਰੋਜ਼ ਇੱਥੇ ਵੱਡੀ ਗਿਣਤੀ ‘ਚ ਲੋਕ ਆਪਣੇ ਪਰਿਵਾਰ ਸਮੇਤ ਘੁੰਮਣ ਲਈ ਆ ਰਹੇ ਹਨ। ਇਥੋਂ ਦੇ ਜੰਗਲਾਤ ਵਿਭਾਗ ਦਾ ਸਰਕਾਰੀ ਆਰਾਮ ਘਰ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ ਅਤੇ ਇਹ ਪੰਜ ਤਾਰਾ ਹੋਟਲਾਂ ਨੂੰ ਵੀ ਮਾਤ ਦੇ ਰਿਹਾ ਹੈ। ਇਸ ਆਰਾਮ ਘਰ ਵਿੱਚ ਬਹੁਤ ਹੀ ਸਾਫ਼ ਸਫ਼ਾਈ ਰੱਖੀ ਗਈ ਹੈ ਅਤੇ 24 ਘੰਟੇ ਲਈ ਇੱਥੇ ਰਸੋਈਏ ਦਾ ਪ੍ਰਬੰਧ ਵੀ ਹੈ। ਤੁਸੀਂ ਇਸ ਜਗ੍ਹਾ ਜਾਣ ਲਈ ਲੋਕ ਜੰਗਲਾਤ ਵਿਭਾਗ ਦੀ ਆਨਲਾਈਨ ਸਾਈਟ ‘ਤੇ ਜਾ ਕੇ ਬੁਕਿੰਗ ਕਰਵਾ ਸਕਦੇ ਹਨ।

ਮਿੰਨੀ ਖਝਿਆਰ ਦੇ ਨਾਂਅ ਤੋਂ ਮਸ਼ਹੂਰ ਹੋ ਰਿਹਾ ਧਾਰ ਕਲਾਂ ਖੇਤਰ ਡਲਹੌਜ਼ੀ ਦੇ ਕਰੀਬ ਪੈਂਦੇ ਖਝਿਆਰ ਨੂੰ ਜਿਵੇਂ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਹੁਣ ਧਾਰਕਲਾਂ ਦੀ ਫੰਗੋਤਾ ਝੀਲ ਦੇ ਆਸ ਪਾਸ ਦੇ ਇਲਾਕੇ ਨੂੰ ਮਿੰਨੀ ਖਝਿਆਰ ਕਿਹਾ ਜਾਣਾ ਸ਼ੁਰੂ ਹੋ ਗਿਆ ਹੈ। ਇਸ ਜਗ੍ਹਾ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਲੋਕ ਆਪਣੇ ਵਾਹਨ ਸਿੱਧੇ ਇਸ ਮੈਦਾਨ ‘ਤੇ ਲਿਜਾਂ ਸਕਦੇ ਹਨ। ਸ਼ਾਮ ਸਮੇਂ ਇਸ ਜਗ੍ਹਾ ‘ਤੇ ਠੰਢੀ ਹਵਾ ਚੱਲਦੀ ਹੈ, ਜੋ ਗਰਮੀ ਤੋਂ ਰਾਹਤ ਦਿੰਦੀ ਹੈ।