ਇਸ ਨਵੀਂ ਖੋਜ ਨਾਲ ਨਹੀਂ ਪਵੇਗੀ ਖੇਤ ਵਿੱਚ ਕੱਦੂ ਕਰਨ ਦੀ ਲੋੜ

ਕਿਸਾਨ ਵੀਰੋ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਝੋਨੇ ਸਾਡੇ ਕਿਸਾਨਾਂ ਦੀ ਸਭਤੋਂ ਹਰਮਨ ਪਿਆਰੀ ਫਸਲ ਹੈ। ਕਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਅਤੇ ਕਈ ਕੱਦੂ ਕਰਕੇ ਪਨੀਰੀ ਲਗਾ ਕੇ ਉਸਨੂੰ ਲਗਾਉਂਦੇ ਹਨ। ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾ ਕੇ ਜੋ ਨਾੜ ਬਚਦਾ ਹੈ ਉਸਨੂੰ ਖੇਤ ਵਿੱਚ ਵਾਹੁਣ ਤੋਂ ਅਕਸਰ ਡਰਦੇ ਹਨ। ਉਹ ਇਹ ਸੋਚਦੇ ਹਨ ਕਿ ਇਸਨੂੰ ਖੇਤ ਵਿੱਚ ਵਾਹੁਣ ਨਾਲ ਕੱਦੂ ਕਰਨ ਸਮੇਂ ਝੋਨੇ ਦੀ ਪਨੀਰੀ ਨੂੰ ਨੁਕਸਾਨ ਹੋ ਸਕਦਾ ਹੈ।

ਇਸੇ ਕਾਰਨ ਬਹੁਤੇ ਕਿਸਾਨ ਨਾੜ ਨੂੰ ਅੱਗ ਲਗਾ ਦਿੰਦੇ ਹਨ ਅਤੇ ਬਾਅਦ ਵਿੱਚ ਖੇਤ ਵਾਹੁੰਦੇ ਹਨ। ਅੱਗ ਲਾਉਣ ਨਾਲ ਮਿਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਅਤੇ ਪ੍ਰਦੂਸ਼ਣ ਵੀ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਵਿਧੀ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਝੋਨੇ ਨੂੰ ਬਿਨਾ ਕੱਦੂ ਕਿਤੇ ਬੀਜ ਸਕਦੇ ਹੋ। ਤੁਸੀਂ ਕੱਦੂ ਕਿਤੇ ਬਗੈਰ ਹੀ ਵੱਟਾਂ ਉੱਤੇ ਝੋਨਾ ਬੀਜ ਸਕਦੇ ਹੋ ਅਤੇ ਝਾੜ ਵੀ ਵੱਧ ਲੈ ਸਕਦੇ ਹੋ।

ਇਸ ਵਿਧੀ ਵਿੱਚ ਸਭਤੋਂ ਪਹਿਲਾਂ ਜ਼ਮੀਨ ਨੂੰ ਲੇਜ਼ਰ ਲੈਵਲ ਕਰਵਾ ਕੇ ਚੰਗੀ ਤਰਾਂ ਵਾਹ ਲਵੋ ਅਤੇ ਰੌਣੀ ਕਰਕੇ ਜਮੀਨ ਨੂੰ ਤਿਆਰ ਕਰ ਲਵੋ। ਇਸ ਤੋਂ ਬਾਅਦ 40 ਕਿੱਲੋ ਡਾਈ, 15 ਕਿੱਲੋ ਜ਼ਿੰਕ ਸਲਫੇਟ ਪਾਓ ਅਤੇ ਜ਼ਮੀਨ ਨੂੰ ਚੰਗੀ ਤਰਾਂ ਵਾਹ ਕੇ ਵੱਟਾਂ ਬਣਾ ਦੀਓ। ਉਸਤੋਂ ਬਾਅਦ ਜ਼ਮੀਨ ਵਿੱਚ 80 ਫੀਸਦੀ ਪਾਣੀ ਭਰ ਦਿਓ ਅਤੇ ਸ਼ਾਮ ਤੱਕ ਇਹ ਪਾਣੀ ਸੋਖਿਆ ਜਾਵੇਗਾ ਅਤੇ ਦੂਸਰੇ ਦਿਨ 50 ਤੋਂ 60 ਪ੍ਰਤੀਸ਼ਤ ਖਾਲਾਂ ਪਾਣੀ ਨਾਲ ਭਰ ਦਿਓ।

ਜੇਕਰ ਤੁਹਾਡੀ ਪਨੀਰੀ 15 ਤੋਂ 20 ਦਿਨ ਦੀ ਹੈ ਤਾਂ ਇਨ੍ਹਾਂ ਵੱਟਾ ਉੱਤੇ ਗਿੱਠ ਗਿੱਠ ਦੀ ਦੂਰੀ ਉੱਤੇ ਝੋਨਾ ਬੀਜ ਦਿਓ। ਜੇਕਰ ਪਨੀਰੀ 20 ਤੋਂ 28 ਦਿਨ ਦੀ ਹੈ ਤਾਂ ਤੁਸੀਂ 6 -6 ਇੰਚ ਉੱਤੇ ਬੂਟਾ ਲਗਾ ਦਿਓ। ਧਿਆਨ ਰਹੇ ਕਿ 30 ਦਿਨ ਤੋਂ ਉੱਤੇ ਦੀ ਪਨੀਰੀ ਕਦੇ ਵੀ ਨਾ ਲਗਾਓ। ਉਸਤੋਂ ਬਾਅਦ ਫਸਲ ਦੇ 25 ਦਿਨ ਦੀ ਹੋਣ ਤੋਂ ਬਾਅਦ ਤੁਸੀਂ 2 ਕਿੱਲੋ ਯੂਰੀਆ 100 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਸਪਰੇਅ ਕਰ ਦਿਓ। ਉਸਤੋਂ ਬਾਅਦ ਫਸਲ ਦੇ 32 ਦਿਨ ਦੀ ਹੋਣ ਤੋਂ ਬਾਅਦ 3 ਕਿੱਲੋ ਯੂਰੀਆ ਅਤੇ 100 ਲੀਟਰ ਪਾਣੀ ਵਿੱਚ ਪਾ ਕੇ ਦੂਸਰੀ ਸਪਰੇਅ ਕਰ ਦਿਓ।

ਇਸੇ ਤਰਾਂ ਤੁਸੀਂ ਸਪਰੇਆਂ ਲਗਾਤਾਰ ਕਰਨੀਆਂ ਹਨ। ਇੱਕ ਦੋ ਕਿੱਲੋ ਵਾਲੀ ਅਤੇ ਬਾਕੀ 3 ਕਿੱਲੋ ਵਾਲੀਆਂ। ਇਨ੍ਹਾਂ ਸਪਰੇਆਂ ਦੇ ਨਾਲ ਤੁਹਾਨੂੰ ਹੋਰ ਕਿਸੇ ਤਰਾਂ ਦੀ ਖਾਦ ਪਾਉਣ ਦੀ ਲੋੜ ਨਹੀਂ ਪਵੇਗੀ। ਇਸਤਰਾਂ ਝੋਨਾ ਬੀਜਣ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇੱਕ ਤਾਂ ਝਾੜ ਵੱਧ ਮਿਲੇਗਾ ਅਤੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਤੁਸੀਂ ਸਾਰੀ ਪਰਾਲੀ ਮਿੱਟੀ ਵਿੱਚ ਵਾਹ ਸਕਦੇ ਹੋ।