ਪਾਵਰਕੌਮ ਦਾ ਵੱਡਾ ਫੈਸਲਾ, ਪੰਜਾਬ ਵਿੱਚ ਇਨ੍ਹਾਂ ਕਿਸਾਨਾਂ ਦੀਆਂ ਮੋਟਰਾਂ ‘ਤੇ ਲੱਗੇਗਾ 403 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ

ਪੰਜਾਬ ਦੇ ਕਿਸਾਨ ਪਹਿਲਾਂ ਹੀ ਖੇਤੀ ਬਿੱਲਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਅਤੇ ਹੁਣ ਕਿਸਾਨਾਂ ਲਈ ਇੱਕ ਹੋਰ ਵੱਡੀ ਖ਼ਬਰ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਵਰਕਾਮ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਵਿੱਚ ਕਿਸਾਨਾਂ ਦੀਆਂ ਮੋਟਰਾਂ ‘ਤੇ 403 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਲਗਾਉਣ ਦੀ ਗੱਲ ਕਹੀ ਹੈ। ਹਾਲਾਂਕਿ ਇਹ ਬਿੱਲ ਸਾਰੇ ਕਿਸਾਨਾਂ ਦੀਆਂ ਮੋਟਰਾਂ ਤੇ ਨਹੀਂ ਲਗਾਇਆ ਜਾਵੇਗਾ।

ਪਾਵਰਕੌਮ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਆਪਣੀ ਇੱਛਾ ਨਾਲ ਖੇਤੀ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ, ਉਨ੍ਹਾਂ ਦੀਆਂ ਮੋਟਰਾਂ ਤੇ ਹੀ ਇਹ ਬਿੱਲ ਲੱਗੇਗਾ ਅਤੇ ਉਹ ਹੁਣ ਬਿਜਲੀ ਦਾ ਬਿੱਲ ਭਰਿਆ ਕਰਨਗੇ। ਪਾਵਰਕੌਮ ਵੱਲੋਂ ਅਜਿਹੇ ਕਿਸਾਨਾਂ ਤੋਂ ਬਿੱਲ ਉਗਰਾਉਣ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਨੋਟੀਫਿਕੇਸ਼ਨ ਵਿੱਚ ਪਾਵਰਕੌਮ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੋ ਕਿਸਾਨ ਸਵੈ-ਇਛਾ ਨਾਲ ਆਪਣੀ ਮੋਟਰ ਦੀ 100 ਫ਼ੀਸਦੀ ਸਬਸਿਡੀ ਛੱਡਣਗੇ, ਉਨ੍ਹਾਂ ਤੋਂ ਹਰ ਮਹੀਨੇ 403 ਰੁਪਏ ਪ੍ਰਤੀ ਹਾਰਸ ਪਾਵਰ ਅਤੇ ਜਿਹੜੇ ਕਿਸਾਨ 50 ਫ਼ੀਸਦੀ ਸਬਸਿਡੀ ਛੱਡ ਦੇਣਗੇ ਉਨ੍ਹਾਂ ਨੂੰ 202 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਭਰਨਾ ਪਵੇਗਾ।

ਜਾਣਕਾਰੀ ਦੇ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ 24 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਇਹ ਫੈ਼ਸਲਾ ਲਿਆ ਸੀ ਕਿ ਜਿਹੜੇ ਕਿਸਾਨ ਆਪਣੀ ਮਰਜ਼ੀ ਨਾਲ ਖੇਤੀ ਬਿਜਲੀ ਸਬਸਿਡੀ ਛੱਡਣਗੇ, ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਏ ਗਏ ਫਲੈਟ ਰੇਟ ਆਧਾਰ ‘ਤੇ ਚਾਰਜ ਕੀਤਾ ਜਾਵੇਗਾ। ਕਿਸਾਨਾਂ ਨੂੰ ਇਹ ਵਿਕਲਪ ਵੀ ਦਿੱਤਾ ਗਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਸਬਸਿਡੀ 50 ਜਾਂ 100 ਫ਼ੀਸਦੀ ਤੱਕ ਛੱਡ ਸਕਦੇ ਹਨ।