ਪੰਜਾਬ ਵਿੱਚ ਝੋਨੇ ਦੀ ਪ੍ਰਾਈਵੇਟ ਖਰੀਦ ਸ਼ੁਰੂ, ਸਿਰਫ ਇਸ ਕੀਮਤ ਤੇ ਵਿਕ ਰਿਹਾ ਹੈ ਹੁਣ ਝੋਨਾ

ਨਵੇਂ ਖੇਤੀ ਬਿੱਲ ਲਿਆਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਇਨ੍ਹਾਂ ਬਿੱਲਾਂ ਦੇ ਆਉਣ ਤੋਂ ਬਾਅਦ MSP ਸਿਸਟਮ ਉਸੇ ਤਰਾਂ ਬਣਿਆ ਰਹੇਗਾ ਅਤੇ ਕਿਸਾਨਾਂ ਦੀ ਫਸਲ ਸਮਰਥਨ ਮੁੱਲ ‘ਤੇ ਹੀ ਖਰੀਦੀ ਜਾਵੇਗੀ। ਪਰ ਅਜਿਹਾ ਹੁੰਦਾ ਨਹੀਂ ਦਿੱਖ ਰਿਹਾ। ਤੁਹਾਨੂੰ ਦੱਸ ਦੇਈਏ ਕਿ ਸੂਬੇ ਦੀਆਂ ਕੁਝ ਮੰਡੀਆਂ ਵਿੱਚ ਕਿਸਾਨ ਝੋਨਾ ਲੈਕੇ ਪਹੁੰਚ ਰਹੇ ਹਨ ਅਤੇ ਮੰਡੀਆਂ ਵਿੱਚ ਪ੍ਰਾਈਵੇਟ ਤੌਰ ਤੇ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ।

ਹੁਣ ਰੋਜ਼ਾਨਾ ਵੱਡੀ ਗਿਣਤੀ ਵਿਚ ਕਿਸਾਨ ਝੋਨਾ ਲੈਕੇ ਮੰਡੀ ਪਹੁੰਚ ਰਹੇ ਹਨ ਪਰ ਕਿਸਾਨ ਝੋਨੇ ਦੀ ਕੀਮਤ ਤੋਂ ਬਹੁਤ ਨਿਰਾਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਾਈਵੇਟ ਖਰੀਦ ਵਿੱਚ MSP ਤੋਂ ਬਹੁਤ ਘੱਟ ਰੇਟ ਮਿਲ ਰਿਹਾ ਹੈ। ਅੰਮ੍ਰਿਤਸਰ ਇਲਾਕੇ ਦੀ ਸਭਤੋਂ ਵੱਡੀ ਦਾਣਾਮੰਡੀ ਭਗਤਾਂਵਾਲਾ ਵਿਚ ਵੀ ਝੋਨੇ ਦੀ ਆਮਦ ਤੇਜ਼ ਹੋ ਗਈ ਹੈ। ਪਰ ਇੱਥੇ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਏਜੇਂਸੀਆਂ ਨੂੰ ਝੋਨਾ ਵੇਚਣ ਲਈ ਮਜਬੂਰ ਹਨ।

ਕਿਸਾਨਾਂ ਨੂੰ ਇਸ ਮੰਡੀ ਵਿੱਚ ਪਰਮਲ ਝੋਨਾ 1650 ਤੋਂ 1750 ਰੁਪਏ ਅਤੇ ਬਾਸਮਤੀ ਸਿਰਫ 1750 ਤੋਂ ਲੈਕੇ 1900 ਰੁਪਏ ਪ੍ਰਤੀ ਕੁਇੰਟਲ ਵੇਚਣੀ ਪੈ ਰਹੀ ਹੈ। ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਕਈ ਘੰਟੇ ਮੰਡੀਆਂ ਦੇ ਬਾਹਰ ਹੀ ਟਰਾਲੀਆਂ ਖੜਾ ਕਰਕੇ ਇੰਤਜ਼ਾਰ ਕਰਨਾ ਪੈ ਰਿਹਾ ਅਤੇ ਖਰੀਦ ਪ੍ਰਕਿਰਿਆ ਬਹੁਤ ਢਿੱਲੀ ਚੱਲ ਰਹੀ ਹੈ।

ਉਥੇ ਹੀ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਪਿਛਲੇ ਸਾਲ ਬਾਸਮਤੀ ਦਾ ਰੇਟ ਲਗਭਗ 2800 ਤੋਂ 3000 ਰੁਪਏ ਤੱਕ ਮਿਲਿਆ ਸੀ ਅਤੇ ਇਸ ਵਾਰ ਦੇ ਰੇਟ ਤੋਂ ਕਿਸਾਨ ਬਹੁਤ ਨਿਰਾਸ਼ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸ਼ੁਰੂਆਤ ਵਿੱਚ ਇਹ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਕਿਸਾਨ ਮੰਗ ਕਰ ਰਹੇ ਹਨ ਕਿ ਜਲਦ ਤੋਂ ਜਲਦ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਝੋਨੇ ਦਾ ਸਹੀ ਰੇਟ ਦਿੱਤਾ ਜਾਵੇ।