ਮੋਟਰਾਂ ਵਾਲੇ ਕਿਸਾਨਾਂ ਵਾਸਤੇ ਪੰਜਾਬ ਸਰਕਾਰ ਨੇ ਦਿੱਤੀ ਖੁਸ਼ਖਬਰੀ!

ਕੈਪਟਨ ਸਰਕਾਰ ਵੱਲੋਂ ਮੋਟਰਾਂ ਵਾਲੇ ਕਿਸਾਨਾਂ ਵਾਸਤੇ ਇੱਕ ਖੁਸ਼ਖਬਰੀ ਦਿੱਤੀ ਗਈ ਹੈ। ਕੈਪਟਨ ਵੱਲੋਂ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਟਿਊਬਵੈਲਾਂ ਲਈ ਲਗਾਤਾਰ 8 ਘੰਟੇ ਬਿਜਲੀ ਸਪਲਾਈ ਅਤੇ ਝੋਨੇ ਦੀ ਸਫਲਤਾਪੂਰਵਕ ਲੁਆਈ ਲਈ ਲੋੜੀਂਦੇ ਪਾਣੀ ਦੀ ਸਪਲਾਈ ਪੂਰੀ ਕੀਤੀ ਜਾਵੇਗੀ।

ਦੱਸ ਦੇਈਏ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਤੋਂ ਪਹਿਲਾਂ ਮੁਖ ਮੰਤਰੀ ਨੇ ਇੱਕ ਸੁਨੇਹਾ ਦਿੰਦਿਆਂ ਮਾਸਕ ਪਹਿਨਣ ਅਤੇ ਸਿਹਤ ਸੁਰੱਖਿਆ ਪੱਖੋਂ ਜ਼ਰੂਰੀ ਗੱਲਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਇਹ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਲਗਾਤਾਰ ਕਰੋਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਪੰਜਾਬ ਇਕੱਲਿਆਂ ਬਚਿਆ ਨਹੀਂ ਰਹਿ ਸਕਦਾ।

ਇਸ ਸੰਕਟ ਦੀ ਸਥਿਤੀ ਵਿਚ ਸੂਬੇ ਦੀਆਂ 400 ਮੰਡੀਆਂ ਵਿੱਚੋਂ ਕਣਕ ਦੀ ਖਰੀਦ ਦੇ ਦੌਰਾਨ ਇਕ ਵੀ ਕੋਰੋਨਾ ਕੇਸ ਆਉਣ ਬਿਨਾਂ 128 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਮੁਕੰਮਲ ਹੋਈ ਹੈ ਜੋ ਕਿ ਇੱਕ ਸ਼ਲਾਘਾਯੋਗ ਗੱਲ ਹੈ। ਕੈਪਟਨ ਦਾ ਕਹਿਣਾ ਹੈ ਕਿ 40 ਦਿਨਾਂ ਦੀ ਖਰੀਦ ਪ੍ਰਕਿਰਿਆ ਨੂੰ ਕਿਸਾਨਾਂ ਵੱਲੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਨੇਪਰੇ ਚਾੜ੍ਹਿਆ ਗਿਆ ਹੈ। ਕਿਸਾਨਾਂ ਨੇ ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਫਲਤਾ ਸਹਿਤ ਪਾਲਣਾ ਕੀਤੀ ਹੈ।

ਇਸ ਵਾਰ ਲੇਬਰ ਦੀ ਘਾਟ ਕਾਰਨ ਜਿਆਦਾਤਰ ਰਕਬੇ ਵਿਚ ਹੋਈ ਝੋਨੇ ਦੀ ਸਿੱਧੀ ਬਿਜਾਈ ਦੇ ਸ਼ੁਰੂਆਤੀ ਨਤੀਜਿਆਂ ਤੋਂ ਵੀ ਕੈਪਟਨ ਅਮਰਿੰਦਰ ਸਿੰਘ ਕਾਫੀ ਸੰਤੁਸ਼ਟ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਬੀਜਿਆ ਗਿਆ ਝੋਨਾ ਘੱਟ ਪਾਣੀ ਵਿਚ ਤਿਆਰ ਹੋ ਜਾਂਦਾ ਹੈ ਅਤੇ ਹੁਣ ਤੱਕ ਇਸਦੇ ਨਤੀਜੇ ਉਤਸ਼ਾਹ ਭਰੇ ਹਨ। ਨਾਲ ਹੀ ਸਰਕਾਰ ਵੱਲੋਂ ਕਿਸਾਨਾਂ ਨੂੰ ਮਜਦੂਰਾਂ ਦੀ ਕਮੀ ਅਤੇ ਹੱਥਾਂ ਰਾਹੀਂ ਝੋਨਾ ਲਾਉਣ ਵਿੱਚ ਮਹਾਂਮਾਰੀ ਦੇ ਵੱਧ ਖਤਰੇ ਕਾਰਨ ਸਿੱਧੀ ਬਿਜਾਈ ਦੀਆਂਮਸ਼ੀਨਾਂ ਦੀ ਵਰਤੋਂ ਲਈ ਪ੍ਰੇਰਿਤ ਕਰ ਰਹੀ ਹੈ।