ਕੈਪਟਨ ਵੱਲੋਂ ਪਾਸ ਕੀਤੇ ਬਿੱਲਾਂ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫਾਇਦਾ, ਜਾਣੋ ਕਿਵੇਂ

ਕੱਲ ਯਾਨੀ ਮੰਗਲਵਾਰ ਨੂੰ ਕੈਪਟਨ ਸਰਕਾਰ ਵਲੋਂ ਸਦਨ ਵਿਚ ਪਾਸ ਕੀਤੇ ਗਏ ਬਿੱਲ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਅਜਿਹਾ ਕਹਿਣਾ ਭਗਵੰਤ ਮਾਨ ਦਾ। ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਦੇ ਮਨਸੂਬਿਆਂ ‘ਤੇ ਸਵਾਲ ਚੁੱਕੇ ਗੈਰ ਹਨ। ਇਸ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਜੇਕਰ ਅਸਲ ਵਿਚ ਕਿਸਾਨਾਂ ਦੇ ਰਾਖੇ ਹਨ ਤਾਂ MSP ਦਾ ਬਿੱਲ ਵਿਧਾਨ ਸਭਾ ਵਿਚ ਕਿਉਂ ਨਹੀਂ ਲੈ ਕੇ ਆਉਂਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਐੱਮ. ਐੱਸ. ਪੀ. ਤੋਂ ਘੱਟ ਫ਼ਸਲ ਖਰੀਦਣ ਵਾਲੇ ਨੂੰ 3 ਸਾਲ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ। ਪਰ ਜੇਕਰ ਕੇਂਦਰ ਐੱਮ.ਐੱਸ.ਪੀ. ਤੋਂ ਮੁਨਕਰ ਹੋ ਜਾਵੇ ਜਾਂ ਕਹਿ ਦੇਵੇ ਕਿ ਸਾਨੂੰ ਇੰਨੀ ਫ਼ਸਲ ਚਾਹੀਦੀ ਹੈ ਤਾਂ ਫਿਰ ਫਿਰ ਕਿਸਾਨ ਕਿੱਥੇ ਜਾਵੇਗਾ?

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਐੱਮ. ਐੱਸ. ਪੀ. ਦਾ ਬਿੱਲ ਲੈ ਕੇ ਆਵੇ ਅਤੇ ਨਾਲ ਹੀ ਉਸ ਵਿਚ ਇਹ ਵੀ ਸਪਸ਼ਟ ਕਰੇ ਕਿ ਜੇਕਰ ਕੇਂਦਰ ਵੱਲੋਂ ਫਸਲ ਨਹੀਂ ਚੱਕੀ ਜਾਂਦੀ ਜਾਂ ਫਿਰ ਫ਼ਸਲ ਬਚ ਜਾਂਦੀ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਮਾਲਵੇ ਵਿਚ ਕਪਾਹ ਅਤੇ ਨਰਮਾ ਰੁੱਲ ਰਿਹਾ ਹੈ ਪਰ ਸਰਕਾਰ ਦਾ ਉਸ ਵੱਲ ਕੋਈ ਧਿਆਨ ਨਹੀਂ ਹੈ।

ਹਰਪਾਲ ਚੀਮਾ ਨੇ ਵੀ ਪੰਜਾਬ ਸਰਕਾਰ ਦੇ ਬਿੱਲਾਂ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਚ ਵੱਡੀਆਂ ਘਾਟਾਂ ਹਨ, ਕਿਸਾਨਾਂ ਨੂੰ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਵੀ ਵਿਰੋਧੀ ਧਿਰ ਦੇ ਆਗੂਆਂ ਨੂੰ ਬੋਲਣ ਨਹੀਂ ਦਿੱਤਾ ਗਿਆ।

ਉਹ ਮੁੱਖ ਮੰਤਰੀ ਸਾਹਮਣੇ ਐੱਮ. ਐੱਸ. ਪੀ. ਦਾ ਮੁੱਦਾ ਚੁੱਕਣਾ ਚਾਹੁੰਦੇ ਸਨ ਪਰ ਉਨ੍ਹਾਂ ਕਿਹਾ ਕਿ ਸਾਨੂ ਬੋਲਣ ਹੀ ਨਹੀਂ ਦਿੱਤਾ ਗਿਆ। ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਮਨ ਵਿਚ ਚੋਰ ਹੈ ਇਸੇ ਲਈ ਫ਼ਸਲ ‘ਤੇ ਐੱਮ. ਐੱਸ. ਪੀ. ਨਹੀਂ ਦਿੱਤੀ ਜਾ ਰਹੀ ਹੈ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸੇ ਦੀ ਘਾਟ ਹੈ ਤਾਂ ਸਰਕਾਰ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਬਿਜਲੀ ਮਾਫੀਆ ਨੂੰ ਬੰਦ ਕਰ ਦੇਵੇ, ਇਸ ਨਾਲ 25-30 ਹਜ਼ਾਰ ਕਰੋੜ ਤਾਂ ਉਂਝ ਹੀ ਆ ਜਾਵੇਗਾ।