ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਝੋਨੇ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਅਤੇ ਬਹੁਤੇ ਕਿਸਾਨ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਦੀ ਤਿਆਰੀ ਵੀ ਕਰ ਰਹੇ ਹਨ। ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕੁਝ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ PAU ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਝੋਨੇ ਦੀ ਫਸਲ ਦੇ ਤਣੇ ਉੱਤੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੁੰਡੀ ਸਤੰਬਰ-ਅਕਤੂਬਰ ਦੇ ਮਹੀਨੇ ਵਿੱਚ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਸੁੰਡੀਆਂ ਝੋਨੇ ਦੇ ਬੂਟਿਆਂ ਦੇ ਤਣਿਆਂ ਵਿਚੋਂ ਮੋਰੀਆਂ ਕਰਕੇ ਅੰਦਰ ਜਾ ਕੇ ਅੰਦਰਲਾ ਮਾਦਾ ਖਾਂਦੀ ਜਾਂਦੀਆਂ ਹਨ ਜਿਸ ਕਾਰਨ ਬੂਟੇ ਦੀ ਗੋਭ ਸੁੱਕ ਜਾਂਦੀ ਹੈ ਅਤੇ ਅਖੀਰ ਵਿੱਚ ਬੂਟੇ ਮਰ ਜਾਂਦੇ ਹਨ।

ਇਸ ਲਈ ਯੂਨੀਵਰਸਿਟੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਖਾਸ ਕਰਕੇ ਝੋਨੇ ਦੀਆਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ ਆਦਿ ਦੀ ਖੇਤੀ ਕਰ ਰਹੇ ਕਿਸਾਨ ਜਰੂਰ ਧਿਆਨ ਦੇਣ। ਮਾਹਿਰਾਂ ਦਾ ਕਹਿਣਾ ਹੈ ਕਿ ਤਣੇ ਦੀ ਗੁਲਾਬੀ ਸੁੰਡੀ ਅਗੇਤੀ ਬਿਜਾਈ ਵਾਲੀ ਕਣਕ ਦੀ ਫ਼ਸਲ ਦਾ ਵੀ ਨੁਕਸਾਨ ਕਰ ਸਕਦੀ ਹੈ।

ਇਸ ਕਰਕੇ ਕਿਸਾਨਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਤਣੇ ਦੀ ਗੁਲਾਬੀ ਸੁੰਡੀ ਦੇ ਜਿਆਦਾ ਹਮਲੇ ਵਾਲੇ ਖੇਤਰਾਂ ਵਿਚ ਉਹ ਕਣਕ ਦੀ ਅਗੇਤੀ ਬਿਜਾਈ ਨਾ ਕਰਨ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਜਿਥੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੋਇਆ ਉਨ੍ਹਾਂ ਖੇਤਰਾਂ ਵਿਚ ਕਣਕ ਦੀ ਬਿਜਾਈ 25 ਅਕਤੂਬਰ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ।

ਇਨ੍ਹਾਂ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟ ਅਤੇ ਘੱਟੋ-ਘੱਟ 16 ਡਿਗਰੀ ਸੈਲਸੀਅਸ ਤੋਂ ਘੱਟ ਹੋ ਜਾਂਦਾ ਹੈ। ਕਿਉਂਕਿ 15 ਅਕਤੂਬਰ ਦੇ ਆਸ-ਪਾਸ ਬੀਜੀ ਗਈ ਕਣਕ ਦੀ ਫ਼ਸਲ ਵਿੱਚ ਜਿਆਦਾ ਤਾਪਮਾਨ ਕਾਰਨ ਵਧੀਆ ਫੁਟਾਰਾ ਨਹੀਂ ਹੋ ਸਕੇਗਾ। ਜਿਸ ਕਾਰਨ ਬਾਅਦ ਵਿਚ ਝਾੜ ‘ਤੇ ਅਸਰ ਪੈ ਸਕਦਾ ਹੈ।