ਜਾਣੋ ਕਿਵੇਂ 50 ਰੁਪਏ ਤੱਕ ਸਸਤਾ ਮਿਲ ਸਕਦਾ ਹੈ ਯੂਰੀਆ ਦਾ ਗੱਟਾ

ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸੂਬੇ ਵਿੱਚ ਕਈ ਚੀਜਾਂ ਦੀ ਕਮੀ ਹੋ ਗਈ ਹੈ। ਹੁਣ ਕਿਸਾਨਾਂ ਦੇ ਜਰੂਰੀ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਗੱਡੀਆਂ ਨਹੀਂ ਚਲਾ ਰਹੀ ਅਤੇ ਕਿਸਾਨਾਂ ਤੱਕ ਯੂਰਿਆ ਅਤੇ ਖਾਦ ਨਹੀਂ ਪਹੁੰਚ ਰਹੀ ਹੈ।

ਵਪਾਰੀਆਂ ਵੱਲੋਂ ਇਸ ਮੌਕੇ ਦਾ ਚੰਗਾ ਫਾਇਦਾ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਹੱਥ ਘੁੱਟ ਕੇ ਯੂਰੀਆ ਸਪਲਾਈ ਕੀਤੀ ਜਾ ਰਹੀ ਹੈ। ਮੱਲ ਗੱਡੀਆਂ ਬੰਦ ਹੋਣ ਕਾਰਨ ਕਿਸਾਨ ਸਮਝ ਰਹੇ ਹਨ ਕਿ ਬਾਹਰੋਂ ਯੂਰੀਆ ਨਹੀ ਆਵੇਗੀ। ਪਰ ਕਿਸਾਨ ਇਸ ਗੱਲ ਤੋਂ ਅਣਜਾਣ ਹਨ ਕਿ ਪੰਜਾਬ ਵਿਚਲੇ ਪਲਾਂਟ ਯੂਰੀਆ ਪੈਦਾ ਕਰਨ ਦੀ ਵੱਡੀ ਸਮਰੱਥਾ ਰੱਖਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਪੰਜਾਬ ਵਿਚਲੇ ਬਠਿੰਡਾ ਅਤੇ ਨੰਗਲ ਖਾਦ ਪਲਾਂਟ ਯੂਰੀਆ ਨਾਲ ਨੱਕੋ ਨੱਕ ਭਰੇ ਪਏ ਹਨ। ਇਹਨਾਂ ਪਲਾਂਟਾਂ ਵਿਚ ਇਸ ਸਮੇਂ 57000 ਟਨ ਯੂਰੀਆ ਪਈ ਹੈ ਅਤੇ ਗੁਦਾਮਾਂ ਵਿਚ ਹੋਰ ਭੰਡਾਰ ਕਰਨ ਦੀ ਸਮਰੱਥਾ ਨਹੀ ਹੈ। ਹਰ ਰੋਜ਼ ਇਹ ਪਲਾਂਟ 5200 ਟਨ ਯੂਰੀਆ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।

ਕੋਲੇ ਦੀ ਕਮੀ ਹੋਣ ਕਾਰਨ ਇਨ੍ਹਾਂ ਪਲਾਂਟਾਂ ਵਿੱਚ ਕੁਦਰਤੀ ਗੈਸ ਦੀ ਵਰਤੋਂ ਨਾਲ ਯੂਰੀਆ ਬਣਾਈ ਜਾ ਰਹੀ ਹੈ। ਨੰਗਲ ਪਲਾਂਟ ਤੋਂ ਰੋਜ਼ਾਨਾ ਹਜ਼ਾਰਾਂ ਟਰੱਕ ਯੂਰੀਆ ਪੰਜਾਬ ਭੇਜਿਆ ਜਾ ਰਿਹਾ ਹੈ ਪਰ ਜਿਆਦਾਤਰ ਟਰੱਕ ਝੋਨੇ ਦੀ ਚੁਕਾਈ ਚ ਰੁੱਝੇ ਹੋਣ ਕਰਕੇ ਸਪਲਾਈ ਨਹੀ ਹੋ ਰਹੀ। ਗੱਡੀਆਂ ਦੇ ਬੰਦ ਹੋਣ ਕਾਰਨ ਯੂਰੀਆ ਦੀ ਢੁਆਈ ਟਰੱਕਾਂ ਤੇ ਨਿਰਭਰ ਹੈ।

ਵਪਾਰੀ ਹਰਿਆਣੇ ਤੋਂ ਯੂਰੀਆ ਮੰਗਵਾਉਣ ਬਾਰੇ ਕਹਿ ਕੇ 320 ਤੋਂ 350 ਰੁਪਏ ਤੱਕ ਯੂਰੀਏ ਦਾ ਗੱਟਾ ਵੇਚ ਰਹੇ ਹਨ ਜਦਕਿ ਇਸ ਦੀ ਅਸਲ ਕੀਮਤ 265 ਰੁਪਏ ਹੈ। ਪਰ ਜੇਕਰ ਪੰਜਾਬ ਸਰਕਾਰ ਪ੍ਰਬੰਧ ਕਰੇ ਤਾਂ ਕਿਸਾਨ ਇਹਨਾਂ ਪਲਾਂਟਾਂ ਤੋਂ ਆਪ ਯੂਰੀਆ ਲਿਆ ਸਕਦੇ ਹਨ ਅਤੇ ਕਿਸਾਨਾਂ ਨੂੰ ਯੂਰੀਆ ਦਾ ਗੱਟਾ ਲਗਭਗ 50 ਰੁਪਏ ਸਸਤਾ ਮਿਲ ਸਕਦਾ ਹੈ।