ਕਣਕ ਦੀ ਫ਼ਸਲ ਤੋਂ ਬਾਅਦ ਇਸ ਤਰਾਂ ਤਿਆਰ ਕਰੋ ਖੁਰਾਕੀ ਤੱਤਾਂ ਨਾਲ ਭਰਪੂਰ ਹਰੀ ਖਾਦ

ਪੰਜਾਬ ਵਿੱਚ ਕਣਕ-ਝੋਨਾ ਫਸਲੀ ਚੱਕਰ, ਵੱਧ ਫਸਲੀ ਘੱਣਤਾ, ਰਸਾਇਣਕ ਖਾਦਾਂ ’ਤੇ ਜ਼ਿਆਦਾ ਨਿਰਭਰਤਾ ਕਾਰਨ ਭੂਮੀ ਵਿੱਚ ਖੁਰਾਕੀ ਤੱਤਾਂ ਦੀ ਲਗਾਤਾਰ ਘਾਟ ਆ ਰਹੀ ਹੈ।ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਖੱਣ ਲਈ ਕਿਸਾਨ ਹੁਣ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ਦੇਣ ਲੱਗ ਪਏ ਹਨ। ਕਿਸੇ ਵੀ ਫਸਲ ਦੇ ਹਰੇ ਮਾਦੇ ਨੂੰ ਵਾਹ ਕੇ ਜ਼ਮੀਨ ਵਿੱਚ ਦਬੱਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ।

ਹਰੇ ਮਾਦੇ ਦੇ ਗਲਣ ਨਾਲ ਜ਼ਮੀਨ ਵਿੱਚਲੇ ਖੁਰਾਕੀ ਤੱਤ ਘੁਲਣਸ਼ੀਲ ਹੋ ਜਾਂਦੇ ਹਨ ਅਤੇ ਬੂਟੇ ਦੀ ਖੁਰਾਕ ਦਾ ਹਿੱਸਾ ਬਣ ਜਾਦੇ ਹਨ। ਜੰਤਰ, ਸਣ ਅਤੇ ਰਵਾਂਹ ਨੂੰ ਹਰੀ ਖਾਦ ਵਜੋਂ ਪਹਿਲ ਦਿੱਤੀ ਜਾਂਦੀ ਹੈ। ਹਰੀ ਖਾਦ ਦੀ ਬਿਜਾਈ ਹਾੜੀ ਦੀ ਕਿਸੇ ਵੀ ਫਸਲ ਦੀ ਕਟਾਈ ਬਾਅਦ ਰੌਣੀ ਕਰਕੇ ਕੀਤੀ ਜਾ ਸਕਦੀ ਹੈ। ਜੰਤਰ ਜਾਂ ਸਣ ਲਈ ਪ੍ਰਤੀ ਏਕੜ 20 ਕਿਲੋ ਜਾਂ 12 ਕਿਲੋ ਰਵਾਂਹ ਦਾ ਬੀਜ ਮਈ ਦੇ ਪਹਿਲੇ ਹਫਤੇ ਤੱਕ ਬੀਜੋ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੰਤਰ ਲਈ ਪੰਜਾਬ ਢੈਂਚਾ-1 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਇਹ 40-50 ਦਿਨਾਂ ਵਿੱਚ ਖੇਤ ਵਿੱਚ ਦੱਬਣ ਲਈ ਤਿਆਰ ਹੋ ਜਾਂਦੀ ਹੈ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਸਣ ਲਈ ਪੀਏਯੂ 1691 ਅਤੇ ਨਰਿੰਦਰ ਸਨਈ-1 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ 45-60 ਦਿਨਾਂ ਵਿੱਚ ਖੇਤ ਵਿੱਚ ਦੱਬਣ ਲਈ ਤਿਆਰ ਹੋ ਜਾਂਦੀ ਹੈ।

ਰਵਾਂਹ ਦੀਆ ਦੋ ਕਿਸਮਾਂ (ਸੀਐਲ 367 ਅਤੇ ਰਵਾਂਹ 88) ਪੰਜਾਬ ਵਿੱਚ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਚੰਗੇ ਜੰਮ ਲਈ ਢੈਂਚੇ ਅਤੇ ਸਣ ਦਾ ਬੀਜ ਅੱਠ ਘੰਟੇ ਪਾਣੀ ਵਿੱਚ ਭਿਓ ਲੈਣਾ ਚਾਹੀਦਾ ਹੈ। ਜੇਕਰ ਮਿੱਟੀ ਘੱਟ ਫਾਸਫੋਰਸ ਵਾਲੀ ਸ਼ੇ੍ਣੀ ਵਿੱਚ ਹੋਵੇ ਤਾਂ ਹਰੀ ਖਾਦ ਵਾਲੀ ਫਸਲ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।

ਹਰੀ ਖਾਦ ਤੋਂ ਬਾਅਦ ਵਾਲੀ ਸਾਉਣੀ ਦੀ ਫਸਲ ਨੂੰ ਵੀ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ । ਜੇਕਰ ਮਿੱਟੀ ਦਰਮਿਆਨੀ ਤੋਂ ਬਹੁਤ ਜ਼ਿਆਦਾ ਫਾਸਫੋਰਸ ਸ੍ਰੇਣੀ ਵਿੱਚ ਹੋਵੇ ਅਤੇ ਹਾੜੀ ਦੀ ਫਸਲ ਨੂੰ ਸਿਫਾਰਸ਼ ਮਾਤਰਾ ਵਿੱਚ ਫਾਸਫੋਰਸ ਖਾਦ ਪਾਈ ਹੋਵੇ ਤਾਂ ਹਰੀ ਖਾਦ ਵਾਲੀ ਫਸਲ ਵਿੱਚ ਫਾਸਫੋਰਸ ਦੀ ਵਰਤੋ ਨਾ ਕੀਤੀ ਜਾਵੇ।ਹਰੀ ਖਾਦ ਨੂੰ ਨਾਈਟਰੋਜ਼ਨ ਤੱਤ ਵਾਲੀ ਰਸਾਇਣਕ ਖਾਦ ਦੀ ਸਿਫਾਰਸ਼ ਨਹੀ ਕੀਤੀ ਜਾਂਦੀ।

ਜੰਤਰ ਵਿਚ ਹਰੀ ਸੁੰਡੀ (ਤੰਬਾਕੂ ਸੁੰਡੀ) ਦੀ ਰੋਕਥਾਮ ਜ਼ਰੂਰੀ ਹੈ ।ਅੰਡ ਤੋ ਨਿਕਲਦੇ ਸਾਰ ਹੀ ਛੋਟੀਆਂ ਸੁੰਡੀਆਂ ਇੱਕੋ ਪੱਤੇ ਉਪੱਰ ਰਹਿਕੇ ਹਰਾ ਮਾਦਾ ਖਾਂਦੀਆਂ ਹਨ ਤੇ ਬਾਅਦ ਵਿਚ ਹੌਲੀ ਹੌਲੀ ਪੂਰੇ ਖੇਤ ਵਿੱਚ ਫੈਲ ਜਾਂਦੀਆਂ ਅਤੇ ਬੂਟੇ ਦੇ ਪੱਤੇ ਅਤੇ ਨਵੀਆਂ ਕਰੂਬੰਲਾਂ ਨੂੰ ਨੁਕਸਾਨ ਕਰਦੀਆਂ ਹਨ। ਇਸ ਦੀ ਰੋਕਥਾਮ ਲਈ 150 ਮਿਲੀਲਿਟਰ ਰੀਮੋਨ (ਨੋਵਾਲਿਰਾਨ 10 ਈ ਸੀ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

ਰਵਾਂਹ ਦੀ ਫ਼ਸਲ ’ਤੇ ਆਮ ਕਰਕੇ ਤੇਲਾ ਤੇ ਕਾਲਾ ਚੇਪਾ ਹਮਲਾ ਕਰਦਾ ਹੈ ਜਿਸ ਦੀ ਰੋਕਥਾਮ ਲਈ 200 ਮਿਲੀਲਿਟਰ ਮੈਲਾਥੀਆਨ 50 ਤਾਕਤ ਵਾਲੀ 80 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ । 40-50 ਦਿਨਾਂ ਦੀ ਹਰੀ ਖਾਦ ਦੀ ਫਸਲ ਖੇਤ ਵਿੱਚ ਦਬੱਣ ਲਈ ਤਿਆਰ ਹੋ ਜਾਂਦੀ ਹੈ। ਝੋਨੇ ਦੀ ਲਵਾਈ ਤੋਂ ਇੱਕ ਦਿਨ ਪਹਿਲਾਂ ਅਤੇ ਮੱਕੀ ਬੀਜਣ ਤੋ 10 ਦਿਨ ਪਹਿਲਾਂ ਹਰੀ ਖਾਦ ਡਿਸਕ ਹੈਰੋ ਜਾਂ ਰੋਟਾਵੇਟਰ ਦੀ ਮਦੱਦ ਨਾਲ ਖੇਤ ਵਿੱਚ ਦਬਾਈ ਜਾ ਸਕਦੀ ਹੈ। ਜੇਕਰ 40-50 ਦਿਨਾਂ ਦੀ ਹਰੀ ਖਾਦ ਵਾਹ ਕੇ ਦੱਬੀ ਹੋਵੇ ਤਾਂ ਖੇਤ ਵਿੱਚ 25 ਕਿਲੋ ਨਾਈਟ੍ਰੋਜਨ ਜਾਂ 55 ਕਿਲੋ ਯੂਰੀਆ ਪ੍ਰਤੀ ਏਕੜ ਬਚੱਤ ਹੁੰਦੀ ਹੈ ।

ਹਰੀ ਖਾਦ ਤੋਂ ਬਾਅਦ ਜੇਕਰ ਬਾਸਮਤੀ ਦੀ ਫਸਲ ਲੈਣੀ ਹੋਵੇ ਤਾਂ ਬਾਸਮਤੀ ਦੀ ਫਸਲ ਨੂੰ ਨਾਈਟ੍ਰੋਜਨ ਖਾਦ ਦੀ ਲੋੜ ਨਹੀ ਪੈਂਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਨੂੰ ਦੂਰ ਕਰਨ ਲਈ ਹਰੀ ਖਾਦ ਦੀ ਵਰਤੋਂ ਲਾਹੇਵੰਦ ਸਾਬਤ ਹੁੰਦੀ ਹੈ। ਕੱਲਰਾਠੀਆਂ ਜ਼ਮੀਨਾਂ ਵਿੱਚ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂ ਜੋ ਰੂੜੀ ਦੀ ਖਾਦ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲਦੀ। ਇਸ ਲਈ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰਖਣ ਲਈ ਹਰੀ ਖਾਦ ਨੂੰ ਰੂੜੀ ਦੀ ਖਾਦ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।