ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਰਹਿਣ ਸਾਵਧਾਨ! ਇਸ ਤਰੀਕੇ ਨਾਲ ਕਿਸਾਨਾਂ ਨਾਲ ਹੋ ਰਿਹਾ ਧੋਖਾ

ਇਸ ਵਾਰ ਝੋਨੇ ਦਾ ਸੀਜ਼ਨ ਪਹਿਲਾਂ ਨਾਲੋਂ ਜਲਦੀ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਕਿਸਾਨਾਂ ਨੂੰ ਲੇਬਰ ਦੀ ਘਾਟ ਕਾਰਨ ਸਮਾਂ ਜਿਆਦਾ ਲੱਗ ਸਕਦਾ ਹੈ। ਅਜਿਹੇ ਵਿੱਚ ਇਸ ਵਾਰ ਬਹੁਤੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਤਾਕਿ ਉਨ੍ਹਾਂ ਨੂੰ ਝੋਨਾ ਲਾਉਣ ਲਈ ਲੇਬਰ ਦੀ ਘਾਟ ਦੀ ਸਮੱਸਿਆ ਨਾ ਆਵੇ। ਜਿਆਦਾਤਰ ਕਿਸਾਨ ਤਾਂ ਬਿਜਾਈ ਦਾ ਕੰਮ ਨਬੇੜਨ ਤੱਕ ਵੀ ਪਹੁੰਚ ਗਏ ਹਨ।

ਇਸੇ ਵਿਚਕਾਰ ਕਿਸਾਨਾਂ ਲਈ ਇੱਕ ਵੱਡਾ ਧੋਖਾ ਵੀ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਸਬੰਧੀ ਡਰਾਇਆ ਅਤੇ ਗੁਮਰਾਹ ਕੀਤਾ ਜਾ ਰਿਹਾ ਹੈ। ਦਰਅਸਲ ਕਿਸਾਨਾਂ ਨੂੰ ਨਦੀਨਨਾਸ਼ਕ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੇ ਖੇਤਾਂ ਵਿਚ ਜਾ ਕੇ ਉਨ੍ਹਾਂ ਨੂੰ ਉਲਝਣ ਵਿਚ ਪਾਇਆ ਜਾ ਰਿਹਾ ਹੈ ਜਿਸ ਕਾਰਨ ਝੋਨੇ ਦੀ ਸਿੱਧੀ ਬਿਜਾਈ ਫੇਲ੍ਹ ਹੋ ਸਕਦੀ ਹੈ।

ਇਨ੍ਹਾਂ ਵਿਅਕਤੀਆਂ ਵੱਲੋਂ ਪਹਿਲਾਂ ਕਿਸਾਨਾਂ ਨੂੰ ਪੁੱਛਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਤੁਸੀਂ ਕਿਸ ਤਰਾਂ ਕਰ ਰਹੇ ਹੋ। ਕਿਸਾਨਾਂ ਨੇ ਜਦੋ ਇਹ ਕਿਹਾ ਕੇ ਉਹ 21 ਦਿਨ ਬਾਅਦ ਪਾਣੀ ਲਾਉਂਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਰੀਕਾ ਗ਼ਲਤ ਹੈ। ਇਸ ਨੂੰ 5 ਦਿਨ ਬਾਅਦ ਪਾਣੀ ਲਾਉਣਾ ਜਰੂਰੀ ਹੈ ਨਹੀਂ ਤਾਂ ਝੋਨਾ ਮੱਚ ਜਾਵੇਗਾ।

ਪਰ ਕਿਸਾਨ ਵੀਰ ਅਜਿਹੇ ਵਿਅਕਤੀਆਂ ਦੀਆਂ ਗੱਲਾਂ ਵਿਚ ਨਾ ਆਉਣਾ ਕਿਉਂਕਿ ਪੀਏਯੂ ਦੇ ਅਨੁਸਾਰ ਜੇਕਰ ਕਿਸਾਨ ਤਰ ਬਤਰ ਖੇਤ ਵਿਚ 8 ਤੋਂ 10 ਘੰਟੇ ਭਿੱਜਿਆ ਹੋਇਆ ਬੀਜ ਵਰਤਦੇ ਹਨ ਤਾਂ ਪਹਿਲਾਂ ਪਾਣੀ 20 ਦਿਨ ਬਾਅਦ ਦਿੱਤਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦਾ ਦੱਸਿਆ ਗਿਆ ਤਰੀਕਾ ਕੁਝ ਥਾਂ ਸਫਲ ਵੀ ਰਿਹਾ ਹੈ ਪਰ ਇਸ ਵਿਧੀ ਨਾਲ ਜਿਆਦਾਤਰ ਕਿਸਾਨਾਂ ਨੂੰ ਨੁਕਸਾਨ ਝੇਲਣਾ ਪਿਆ ਹੈ।

ਕਿਉਂਕਿ ਇਸ ਤਰੀਕੇ ਨਾਲ ਉਨ੍ਹਾਂ ਦੀ ਫਸਲ ਵਿਚ ਲੋਹੇ ਦੀ ਘਾਟ ਕਾਰਨ ਨਦੀਨ ਕਾਫੀ ਜਿਆਦਾ ਹੋ ਗਿਆ। ਇਨ੍ਹਾਂ ਦਵਾਈਆਂ ਵੇਚਣ ਵਾਲੇ ਵਿਅਕਤੀਆਂ ਵੱਲੋ ਕਿਸਾਨਾਂ ਨੂੰ ਇਸ ਕਾਰਨ ਗੁਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ ਆਪਣੀਆਂ ਦਵਾਈਆਂ ਵੇਚਣ ਤੱਕ ਮਤਲਬ ਹੁੰਦਾ ਹੈ।

ਇਸੇ ਤਰਾਂ ਯੂਨੀਵਰਸਿਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 21 ਦਿਨ ਬਾਅਦ ਪਾਣੀ ਲਾਉਣ ਵਾਲੇ ਕਿਸਾਨ ਪੇਂਡੀਮੈਥਾਲੀਨ 37 ਪ੍ਰਤੀਸ਼ਤ 750ml ਦਾ ਬਿਲਕੁਲ ਇਸਤੇਮਾਲ ਨਾ ਕਰਨ। ਕਿਉਂਕਿ ਇਹ ਕੋਈ ਵੀ ਫਾਇਦਾ ਨਹੀਂ ਕਰੇਗੀ। ਇਸ ਲਈ ਕਿਸਾਨ ਅਜਿਹੇ ਲੋਕਾਂ ਤੋਂ ਬਚਣ ਜੋ ਸਿਰਫ ਆਪਣੀਆਂ ਦਵਾਈਆਂ ਵੇਚਣ ਲਈ ਕਿਸਾਨਾਂ ਦੀ ਫਸਲ ਤੱਕ ਖਰਾਬ ਕਰਵਾਉਣ ਤੋਂ ਨਹੀਂ ਡਰਦੇ।