ਕਿਸਾਨਾ ਨੁੰ ਨਵਾਂ ਪੰਗਾ,ਜਾਣੋ ਕਿੰਨੀ ਹੋ ਸਕਦੀ ਹੈ ਝੋਨੇ ਦੀ ਲਵਾਈ

ਕਿਸਾਨਾਂ ਦੇ ਸਾਹਮਣੇ ਇਸ ਵਾਰ ਝੋਨਾ ਲਗਾਉਣ ਵਾਲੀ ਲੇਬਰ ਦੀ ਘਾਟ ਕਾਰਨ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਹੈ ਕਿ ਆਖਿਰ ਇਸ ਵਾਰ ਝੋਨੇ ਦੀ ਲੁਆਈ ਕਿੰਨੀ ਹੋਏਗੀ। ਕੋਰੋਨਾ ਵਾਇਰਸ ਦੇ ਕਾਰਨ ਇਸ ਵਾਰ ਜਿਆਦਾਤਰ ਪਰਵਾਸੀ ਮਜਦੂਰ ਪੰਜਾਬ ਛੱਡ ਆਪਣੇ ਸੂਬਿਆਂ ਨੂੰ ਜਾ ਰਹੇ ਹਨ ਅਤੇ ਝੋਨੇ ਦੇ ਸੀਜ਼ਨ ਲਈ ਵੀ ਇਸ ਚਾਰ ਪਰਵਾਸੀ ਮਜ਼ਦੂਰਾਂ ਦਾ ਆਉਣਾ ਮੁਸ਼ਕਿਲ ਹੈ।

ਵੱਡੀ ਸਮੱਸਿਆ ਇਹ ਹੈ ਕਿ ਪਰਵਾਸੀ ਮਜਦੂਰਾਂ ਦੀ ਘਾਟ ਦਾ ਫਾਇਦਾ ਚੁੱਕਦੇ ਹੋਏ ਸਥਾਨਕ ਮਜ਼ਦੂਰ ਝੋਨੇ ਦੀ ਲਵਾਈ 5000 ਤੱਕ ਮੰਗ ਰਹੇ ਹਨ। ਪਰ ਇੰਨੀ ਜਿਆਦਾ ਲੁਆਈ ਦੇਣਾ ਕਿਸਾਨਾਂ ਲਈ ਬਹੁਤ ਔਖਾ ਹੈ। ਇਸੇ ਕਾਰਨ ਹੁਣ ਦੋਵਾਂ ਧਿਰਾਂ ਵਿਚਕਾਰ ਤਣਾਅ ਦੀ ਸਥਿਤੀ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਝੋਨੇ ਦੀ ਲੁਆਈ ਵੀ ਤੈਅ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਝੋਨੇ ਦੀ ਲਵਾਈ ਦਾ ਰੇਟ ਪਿਛਲੇ ਸਾਲਾਂ ਦੇ ਅਨੁਸਾਰ 2000 ਤੋਂ 3000 ਰੁਪਏ ਪ੍ਰਤੀ ਏਕੜ ਤੱਕ ਹੁੰਦਾ ਹੈ। ਪਰਵਾਸੀ ਮਜਦੂਰਾਂ ਨੂੰ ਕਿਸਾਨ 2000 ਰੁਪਏ ਦੇ ਨਾਲ ਸਾਰਾ ਰਾਸ਼ਨ ਅਤੇ ਤਿੰਨ ਵੇਲੇ ਦੀ ਚਾਹ ਵੀ ਦਿੰਦੇ ਸਨ, ਪਰ ਸਥਾਨਕ ਮਜ਼ਦੂਰ ਰਾਸ਼ਨ ਦੀ ਥਾਂ 3000 ਤੋਂ 3500 ਰੁਪਏ ਤੱਕ ਪ੍ਰਤੀ ਏਕੜ ਭਾਅ ਲੈਂਦੇ ਰਹੇ ਹਨ। ਇਸ ਵਾਰ ਪਰਵਾਸੀ ਮਜਦੂਰਾਂ ਦੀ ਘਾਟ ਕਾਰਨ ਪੰਜਾਬ ਦੇ ਮਜ਼ਦੂਰ 5000 ਤੋਂ 6000 ਰੁਪਏ ਲਵਾਈ ਦੀ ਮੰਗ ਕਰ ਰਹੇ ਹਨ।

ਇਸੇ ਵਿਚਕਾਰ ਸੂਬੇ ਦੇ ਕੁਝ ਵੱਡੇ ਕਿਸਾਨਾਂ ਨੇ ਇਸ ਵਾਰ ਮਸ਼ੀਨਰੀ ਦਾ ਸਹਾਰਾ ਲੈਣ ਦਾ ਮਨ ਬਣਾਇਆ ਹੈ। ਬਹੁਤੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਜਿਆਦਾਤਰ ਮਸ਼ੀਨਾਂ ਨਾਲ ਝੋਨੇ ਦੀ ਲਵਾਈ ਦੀ ਤਿਆਰੀ ਕਰ ਰਹੇ ਹਨ। ਪਰ ਸਮੱਸਿਆ ਇਹ ਹੈ ਕਿ ਕਾਫੀ ਜਿਆਦਾ ਰਕਬੇ ਵਿਚ ਫਿਰ ਵੀ ਮਜ਼ਦੂਰਾਂ ਰਾਹੀਂ ਝੋਨੇ ਦੀ ਲਵਾਈ ਹੋਣੀ ਹੈ। ਇਸ ਮਾਮਲੇ ਵਿਚ ਕਿਸਾਨਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਸੂਤੀ ਫਸੀ ਹੋਈ ਹੈ। ਸਰਕਾਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜੇਕਰ ਸਰਕਾਰ ਨੇ ਪ੍ਰੈਸੀ ਮਜ਼ਦੂਰਾਂ ਦੀ ਸਾਰ ਲਈ ਹੁੰਦੀ ਤਾਂ ਉਹ ਵਾਪਸ ਆਪਣੇ ਸੂਬਿਆਂ ਨੂੰ ਨਾ ਜਾਂਦੇ ਅਤੇ ਕਿਸਾਨਾਂ ਲਈ ਸਮੱਸਿਆ ਨਾ ਹੁੰਦੀ।