ਬਹੁਤ ਹੋ ਗਈਆਂ ਛੁੱਟੀਆਂ , ਹੁਣ ਇਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਾਵੇਗੀ ਪੰਜਾਬ ਸਰਕਾਰ

ਕੋਰੋਨਾ ਵਾਇਰਸ ਕਾਰਨ ਲਗਭਗ 2 ਮਹੀਨੇ ਪੰਜਾਬ ਵਿਚ ਕਰਫਿਊ ਤੋਂ ਬਾਅਦ ਸਰਕਾਰ ਵੱਲੋਂ ਕੁਝ ਢਿੱਲ ਦਿੱਤੀ ਗਈ ਹੈ ਅਤੇ ਹੁਣ ਬਜਾਰ ਮੁੜ ਤੋਂ ਖੁੱਲ੍ਹਣ ਲੱਗੇ ਹਨ ਪਰ ਹਾਲੇ ਤੱਕ ਸਰਕਾਰ ਵੱਲੋਂ ਸਕੂਲ ਖੋਲ੍ਹਣ ਸਬੰਧੀ ਕਿਸੇ ਤਰਾਂ ਦੇ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ ਅਤੇ ਹਾਲਤ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਫਿਲਹਾਲ ਕੁਝ ਮਹੀਨਿਆਂ ਤੱਕ ਸਕੂਲ ਨਹੀਂ ਖੁੱਲ੍ਹਣਗੇ।

ਪਰ ਹੁਣ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਕਾਰਨ ਪੰਜਾਬ ਸਰਕਾਰ ਡੀ.ਡੀ. ਪੰਜਾਬੀ ਚੈਨਲ ‘ਤੇ ਸਿਲੇਬਸ/ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਇਸ ਚੈਨਲ ‘ਤੇ ਸਵੇਰੇ 9 ਵਜੇ ਤੋਂ 11.15 ਵਜੇ ਤੱਕ 9ਵੀਂ ਕਲਾਸ ਦਾ ਸਿਲੇਬਸ ਪੜ੍ਹਿਆ ਜਾਵੇਗਾ। ਇਸੇ ਤਰ੍ਹਾਂ ਹੀ ਸਵੇਰੇ 11.15 ਵਜੇ ਤੋਂ ਦੁਪਹਿਰ 1.45 ਵਜੇ ਤੱਕ 10ਵੀਂ ਜਮਾਤ ਦੀ ਪੜ੍ਹਾਈ ਕਰਵਾਈ ਜਾਵੇਗੀ।

ਇਸੇ ਪ੍ਰਕਾਰ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਡੀ. ਡੀ. ਪੰਜਾਬੀ ਚੈਨਲ ਫ੍ਰੀ ਡਿਸ਼ ‘ਤੇ 22 ਨੰਬਰ ਚੈਨਲ, ਏਅਰਟੈੱਲ ਡਿਸ਼ ‘ਤੇ 572, ਵੀਡੀਓਕੋਨ ਡੀ 2 ਐੱਚ. ‘ਤੇ 784 ਨੰਬਰ ਟਾਟਾ ਸਕਾਈ ‘ਤੇ 1949, ਫਾਸਟਵੇਅ ਕੇਬਲ ‘ਤੇ 71, ਡਿਸ਼ ਟੀ. ਵੀ. ‘ਤੇ 1169, ਸਨ ਡਾਇਰੈਕਟ ‘ਤੇ 670 ਅਤੇ ਰੀਲਾਇੰਸ ਬਿੱਗ ਟੀ. ਵੀ. ਦੇ 950 ਨੰਬਰ ਚੈਨਲਾਂ ‘ਤੇ ਚੱਲੇਗਾ।

ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਟੀ. ਵੀ. ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ. ਟੀ. ਐੱਚ. ਚੈਨਲ ਰਾਹੀਂ ਸਿਲੇਬਸ ਪ੍ਰਸਾਰਤ ਕੀਤੇ ਜਾ ਰਹੇ ਹਨ।ਇਹ ਟੈਲੀਕਾਸਟ 7ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ੍ਹਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।

ਨਾਲ ਹੀ ਸਿੱਖਿਆ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਬੰਧਤ ਅਧਿਆਪਿਕ ਵੀ ਇਹ ਪ੍ਰੋਗਰਾਮ ਦੇਖਣ ਅਤੇ ਆਪਣੇ ਵਿਦਿਆਰਥੀਆਂ ਨਾਲ ਲਗਾਤਾਰ ਤਾਲ-ਮੇਲ ਰੱਖਣ। ਇਨ੍ਹਾਂ ਪ੍ਰੋਗਰਾਮਾਂ ਦਾ ਟਾਈਮ ਟੇਬਲ ਅਤੇ ਸੂਚੀ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਅਧਿਆਪਕਾਂ ਦੀ ਹੋਵੇਗੀ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਸਰਕਾਰ ਵੱਲੋਂ ਲਿਆ ਗਿਆ ਇਹ ਕਦਮ ਬੱਚਿਆਂ ਦੇ ਭਵਿੱਖ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈ।