ਜਾਣੋ ਪੰਜਾਬ ਵਿੱਚ ਇਸ ਵਾਰ ਕਿਸ ਤਰੀਕ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ

ਕਣਕ ਦੀ ਵਾਢੀ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਹੁਣ ਆਉਣ ਵਾਲੇ ਕੁਝ ਦਿਨਾਂ ਤੱਕ ਕਿਸਾਨ ਝੋਨਾ ਬੀਜਣ ਦੀਆਂ ਤਿਆਰੀਆਂ ਵਿਚ ਲੱਗ ਜਾਣਗੇ। ਪਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੇ ਕਿਸਾਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਇਸ ਵਾਰ ਝੋਨਾ ਕਿਸ ਤਰੀਕ ਤੋਂ ਲਗਾਇਆ ਜਾ ਸਕੇਗਾ ਯਾਨੀ ਕਿ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਲਵਾਈ ਕਿਸ ਤਰੀਕ ਤੋਂ ਸ਼ੁਰੂ ਕਰਨ ਦਾ ਕਿਹਾ ਗਿਆ ਹੈ।

ਝੋਨੇ ਦੀ ਲਵਾਈ ਲਈ ਪਿਛਲੇ ਸਾਲਾਂ ਦੀ ਤਰੀਕ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਝੋਨਾ ਲਾਉਣ ਲਈ 15 ਜੂਨ ਦੀ ਤਰੀਕ ਤੈਅ ਕੀਤੀ ਜਾਂਦੀ ਸੀ ਪਰ ਪਿਛਲੇ ਸਾਲ ਇਸ ਨੂੰ 20 ਜੂਨ ਕਰ ਦਿੱਤਾ ਗਿਆ ਸੀ। ਇਸੇ ਕਾਰਨ ਹੁਣ ਕਿਸਾਨਾਂ ਦੇ ਮਨ ਵਿੱਚ ਇਸ ਵਾਰ ਦੀ ਤਰੀਕ ਨੂੰ ਲੈ ਕੇ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ। ਕਿਉਂਕਿ ਇਸ ਵਾਰ ਪੂਰੀ ਦੁਨੀਆ ਦਾ ਢਾਂਚਾ ਕੋਰੋਨਾ ਵਾਇਰਸ ਕਾਰਨ ਪੂਰੀ ਤਰਾਂ ਹਿੱਲਿਆ ਹੋਇਆ ਹੈ। ਇਸ ਵਾਇਰਸ ਦੇ ਕਾਰਨ ਪੰਜਾਬ ਦੀ ਕਿਸਾਨੀ ਵੀ ਬਹੁਤ ਪ੍ਰਭਾਵਿਤ ਹੋਈ ਹੈ।

ਪਿਛਲੇ ਦਿਨੀਂ ਵੀਡੀਓ ਕਾਨਫ਼੍ਰੇੰਸਿੰਗ ਰਾਹੀਂ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਕੀ ਮੰਤਰੀਆਂ ਵੱਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਇਸ ਵਾਰ ਸਥਿਤੀ ਨੂੰ ਦੇਖਦੇ ਹੋਏ ਝੋਨੇ ਦਾ ਸੀਜ਼ਨ ਸਮੇਂ ਤੋਂ ਪਹਿਲਾਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਲਵਾਈ ਦੀ ਤਰੀਕ 10 ਜੂਨ ਕਰ ਦੇਣੀ ਚਾਹੀਦੀ ਹੈ। ਕਿਉਂਕਿ ਇਸ ਵਾਰ ਝੋਨੇ ਦੀ ਲਵਾਈ ਦਾ ਸੀਜ਼ਨ ਮਜਦੂਰਾਂ ਦੀ ਕਮੀ ਦੇ ਕਾਰਨ ਬਹੁਤ ਲੰਬਾ ਜਾ ਸਕਦਾ ਹੈ।

ਪਰਵਾਸੀ ਮਜਦੂਰ ਵੀ ਹੁਣ ਸਾਰੇ ਕੰਮ ਬੰਦ ਪਏ ਹੋਣ ਕਾਰਨ ਪੰਜਾਬ ਛੱਡ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਝੋਨੇ ਦੀ ਲਵਾਈ ਦਾ ਸਾਰਾ ਕੰਮ ਮਜਦੂਰਾਂ ਦੇ ਸਿਰ ਉੱਤੇ ਹੀ ਹੁੰਦਾ ਹੈ। ਜਿਆਦਾਤਰ ਮਜਦੂਰ ਸਿਰਫ ਝੋਨਾ ਲਾਉਣ ਹੀ ਪੰਜਾਬ ਆਉਂਦੇ ਹਨ ਪਰ ਇਸ ਵਾਰ ਬੱਸਾਂ ਅਤੇ ਟ੍ਰੇਨਾਂ ਬੰਦ ਹੋਣ ਕਾਰਨ ਅਤੇ ਲਾਕ ਡਾਊਨ ਕਾਰਨ ਉਹ ਮਜਦੂਰ ਵੀ ਪੰਜਾਬ ਨਹੀਂ ਆ ਸਕਣਗੇ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਈ ਮੰਤਰੀਆਂ ਵੱਲੋਂ ਮੁਖ ਮੰਤਰੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਝੋਨੇ ਦੀ ਲਵਾਈ ਦਾ ਕੰਮ 10 ਜੂਨ ਤੋਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ। ਹੁਣ ਦੇਖਣਾ ਇਹ ਹੈ ਕਿ ਇਸ ਬਾਰੇ ਅੰਤਿਮ ਫੈਸਲਾ ਕਦੋ ਆਉਂਦਾ ਹੈ।