ਕੈਪਟਨ ਸਰਕਾਰ ਵੱਲੋਂ 5 ਏਕੜ ਵਾਲੇ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ

ਕੈਪਟਨ ਸਰਕਾਰ ਨੇ 5 ਏਕੜ ਜਮੀਨ ਵਾਲੇ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਸਰਕਾਰ ਨੇ ਹੁਣ 5 ਏਕੜ ਵਾਲੇ ਕਿਸਾਨਾਂ ਦੀਆਂ ਖੇਤੀ ਮੋਟਰਾਂ ‘ਤੇ ਬਿੱਲ ਲਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਛੋਟੇ ਕਿਸਾਨਾਂ ਨੂੰ ਪਹਿਲਾ ਹੀ ਖੇਤੀ ਵਿਚੋਂ ਬਹੁਤ ਘੱਟ ਬੱਚਤ ਹੁੰਦੀ ਹੈ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਦਾ ਖਰਚਾ ਹੋਰ ਵਧੇਗਾ ਅਤੇ ਬੱਚਤ ਕਾਫੀ ਘੱਟ ਰਹਿ ਜਾਵੇਗੀ।

ਸਰਕਾਰ ਦੇ ਇਸ ਫੈਸਲੇ ਖਿਲਾਫ ਕਈ ਥਾਈਂ ਕਿਸਾਨਾਂ ਵੱਲੋਂ ਇਕੱਠੇ ਹੋਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਰੱਖੀ ਗਈ ਹੈ। ਇਸਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਦੁਆਰਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਸਰਕਾਰ ਇਹ ਫੈਸਲਾ ਜਲਦ ਤੋਂ ਜਲਦ ਰੱਦ ਕਰੇ,

ਨਹੀਂ ਤਾਂ ਯੂਨੀਅਨ ਦੁਆਰਾ ਸੂਬਾ ਪੱਧਰ ‘ਤੇ ਵੱਡੇ ਸੰਘਰਸ਼ ਕੀਤੇ ਜਾਣਗੇ ਜਿਨ੍ਹਾਂ ਦੀ ਜਿੰਮੇਵਾਰੀ ਕੈਪਟਨ ਸਰਕਾਰ ਅਤੇ ਪਾਵਰਕੌਮ ਦੀ ਹੋਵੇਗੀ। ਓਹਨਾ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਬਿਜਲੀ ਦੀਆਂ ਕੀਮਤਾਂ ਵਿੱਚ 30 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਹੈ ਉਸ ਨਾਲ ਆਮ ਲੋਕਾਂ ‘ਤੇ ਬੋਝ ਵਧੇਗਾ 5 ਏਕੜ ਦੇ ਕਿਸਾਨਾਂ ਦੀਆਂ ਮੋਟਰਾਂ ਤੇ ਜੋ ਬਿਜਲੀ ਦੇ ਬਿੱਲ ਲਗਾਏ ਗਏ ਹਨ ਇਸ ਨਾਲ ਕਿਸਾਨਾਂ ਦੀ ਆਮਦਨੀ ਪਹਿਲਾਂ ਨਾਲੋਂ ਵੀ ਘਟ ਜਾਵੇਗੀ ਅਤੇ ਖਰਚਾ ਬਹੁਤ ਵੱਧ ਜਾਵੇਗਾ।

ਪ੍ਰਧਾਨ ਬੋਘ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨ ਚੁੱਪ ਨਹੀਂ ਬੈਠਣਗੇ ਅਤੇ ਜੇਕਰ ਇਹ ਫੈਸਲਾ ਜਲਦ ਵਾਪਸ ਨਾ ਲਿਆ ਗਿਆ ਤਾਂ ਜਲਦੀ ਹੀ ਕਿਸਾਨ ਯੂਨੀਅਨਾਂ ਵੱਲੋਂ ਇਸਦੇ ਵਿਰੋਧ ਵਿੱਚ ਵੱਡੇ ਕਦਮ ਚੁੱਕੇ ਜਾਣਗੇ। ਦੱਸ ਦੇਈਏ ਕਿ ਪਹਿਲਾ ਵੀ ਮੋਟਰਾਂ ਉੱਤੇ ਮਿਲਣ ਵਾਲੀ ਬਿਜਲੀ ਸਬਸਿਡੀ ਦਾ ਫਾਇਦਾ ਵੀ ਸਿਆਸੀ ਸਿਫ਼ਾਰਿਸ਼ਾਂ ਕਾਰਨ ਅਮੀਰ ਕਿਸਾਨ ਲੈ ਰਹੇ ਹਨ, ਬਹੁਤ ਸਾਰੇ ਛੋਟੇ ਕਿਸਾਨਾਂ ਨੂੰ ਸਬਸਿਡੀ ਦਾ ਫਾਇਦਾ ਵੀ ਨਹੀਂ ਮਿਲ ਰਿਹਾ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਉੱਤੇ ਦੋਹਰੀ ਮਾਰ ਪਵੇਗੀ।