ਹੁਣ ਪੰਜਾਬ ਦੇ ਕਿਸਾਨਾਂ ਲਈ ਖੜ੍ਹੀ ਹੋਈ ਇਹ ਨਵੀਂ ਮੁਸੀਬਤ, ਸਰਕਾਰ ਨੇ ਵੀ ਕੀਤੇ ਹੱਥ ਖੜ੍ਹੇ

ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਕਾਰਨ ਸਭ ਕੁਝ ਬੰਦ ਪਿਆ ਹੈ ਅਤੇ ਇਸ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸੇ ਕਾਰਨ ਬਾਹਰਤ ਵਿੱਚ ਵੀ ਲਗਭਗ ਪਿਛਲੇ ਡੇਢ ਮਹੀਨੇ ਤੋਂ ਲੌਕਡਾਉਨ ਲਾਗੂ ਕੀਤਾ ਹੋਇਆ ਹੈ ਅਤੇ ਪੰਜਾਬ ਵਿੱਚ ਪੂਰੀ ਤਰ੍ਹਾਂ ਕਰਫਿਊ ਲਾਗੂ ਕੀਤਾ ਗਿਆ ਹੈ। ਇਸੇ ਕਾਰਨ ਕਿਸਾਨਾਂ ਨੇ ਇਸ ਵਾਰ ਕਣਕ ਦੀ ਫਸਲ ਦਾ ਕੰਮ ਬੜੀ ਮੁਸ਼ਕਿਲ ਨਾਲ ਪੂਰਾ ਕੀਤਾ ਹੈ।

ਹਾਲੇ ਕਈ ਜਗ੍ਹਾ ਕਣਕ ਦੀ ਖਰੀਦ ਵੀ ਪੂਰੀ ਨਹੀਂ ਹੋਈ ਅਤੇ ਇਸੇ ਵਿਚਕਾਰ ਕਿਸਾਨਾਂ ਲਈ ਇੱਕ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਚੁੱਕੀ ਹੈ। ਕਣਕ ਦੀ ਵਾਢੀ ਤੋਂ ਬਾਅਦ ਬਹੁਤੇ ਕਿਸਾਨਾਂ ਨੇ ਝੋਨੇ ਦੇ ਸੀਜ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਵਾਰ ਝੋਨੇ ਦੀ ਲਵਾਈ ਲਈ ਲੇਬਰ ਮਿਲਣ ਵਿੱਚ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਸ ਵਾਰ ਪਰਵਾਸੀ ਮਜਦੂਰ ਮਿਲਣ ਦੀ ਉਮੀਦ ਬਿਲਕੁਲ ਨਾ ਦੇ ਬਰਾਬਰ ਹੈ।

ਕਿਉਂਕਿ ਸਭ ਕੁਝ ਬੰਦ ਹੋਣ ਕਾਰਨ ਪਰਵਾਸੀ ਮਜਦੂਰਾਂ ਨੂੰ ਰੋਜ਼ੀ ਰੋਟੀ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਕਾਰਨ ਉਹ ਆਪਣੇ ਸੂਬੇ ਨੂੰ ਵਾਪਸ ਮੁੜਨ ਲਈ ਮਜਬੂਰ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚੋਂ ਸਾਢੇ ਅੱਠ ਲੱਖ ਤੋਂ ਵੀ ਜਿਆਦਾ ਪਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਪਰਤਣ ਲਈ ਕਾਹਲੇ ਹਨ ਅਤੇ ਇਸ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਹੈਲੀ ਹੌਲੀ ਇਨ੍ਹਾਂ ਮਜਦੂਰਾਂ ਨੂੰ ਵਾਪਸ ਵੀ ਭੇਜਿਆ ਜਾ ਰਿਹਾ ਹੈ।

ਕਈ ਮਜਦੂਰ ਸਿਰਫ ਝੋਨੇ ਦਾ ਸੀਜ਼ਨ ਲਗਾਉਣ ਲਈ ਪੰਜਾਬ ਆਉਂਦੇ ਹਨ ਪਰ ਇਸ ਵਾਰ ਰੇਲ ਅਤੇ ਬੱਸਾਂ ਬੰਦ ਹੋਣ ਕਾਰਨ ਉਨ੍ਹਾਂ ਮਜਦੂਰਾਂ ਦੇ ਆਉਣ ਦੀ ਵੀ ਕੋਈ ਉਮੀਦ ਨਹੀਂ ਹੈ। ਇਸ ਮੁੱਦੇ ਉੱਤੇ ਹੁਣ ਸਰਕਾਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਸਰਕਾਰ ਇਨ੍ਹਾਂ ਮਜਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਣ ਤੋਂ ਬਿਨਾਂ ਕੁਜ ਨਹੀਂ ਕਰ ਸਕਦੀ। ਉਥੇ ਹੀ ਦੂਜੇ ਪਾਸੇ ਹਾਲੇ ਤੱਕ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੀ ਤਰੀਕ ਵੀ ਵੀ ਤੈਅ ਨਹੀਂ ਕੀਤੀ ਗਈ ਹੈ।

ਇਸ ਮਾਮਲੇ ਬਾਰੇ ਕਿਸਾਨਾਂ ਦਾ ਕਹਿਣਾ ਹੈ ਬਹੁਤ ਸਾਰੇ ਸਥਾਨਕ ਮਜ਼ਦੂਰ ਵੀ ਝੋਨੇ ਦੀ ਲੁਆਈ ਦਾ ਕੰਮ ਕਰਦੇ ਹਨ ਪਰ ਇੱਕੋ ਵੇਲੇ ਸੀਜ਼ਨ ਸ਼ੁਰੂ ਹੋਣ ਕਾਰਨ ਲੇਬਰ ਦੀ ਕਮੀ ਆਉਂਦੀ ਹੈ ਅਤੇ ਪਰਵਾਸੀ ਮਜਦੂਰ ਹੀ ਇਸ ਕਮੀ ਨੂੰ ਪੂਰਾ ਕਰਦੇ ਹਨ। ਝੋਨੇ ਦੀ ਲਵਾਈ ਦਾ ਸਾਰਾ ਅਸਲ ਕੰਮ ਪਰਵਾਸੀ ਮਜਦੂਰਾਂ ਵੱਲੋਂ ਹੀ ਸਾਂਭਿਆ ਜਾਂਦਾ ਹੈ। ਕਿਸਾਨਾਂ ਨੂੰ ਝੋਨੇ ਦੀ ਲੁਆਈ ਦਾ ਭਾਅ ਵੀ ਵੱਧ ਨਹੀਂ ਦੇਣਾ ਪੈਂਦਾ ਅਤੇ ਕੰਮ ਵੀ ਸਮੇਂ ਸਿਰ ਨਿੱਬੜ ਜਾਂਦਾ ਹੈ। ਪਰ ਇਸ ਵਾਰ ਪਰਵਾਸੀ ਮਜ਼ਦੂਰ ਨਾ ਹੋਣ ਕਰਕੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਦਾ ਭਾਅ ਵੀ ਵੱਧ ਦੇਣਾ ਪਵੇਗਾ ਅਤੇ ਨਾਲ ਹੀ ਕਿਸਾਨਾਂ ਦੀ ਖੱਜਲ-ਖੁਆਰੀ ਵੀ ਹੋਏਗੀ।