ਇਟਲੀ ਵਿੱਚ ਖੇਤੀ ਕਾਮਿਆਂ ਦੀ ਭਾਰੀ ਮੰਗ, 22 ਅਕਤੂਬਰ ਤੱਕ ਇਸ ਤਰਾਂ ਕਰੋ ਅਪਲਾਈ

ਵਿਦੇਸ਼ ਜਾਣ ਦਾ ਸੋਚ ਰਹੇ ਪੰਜਾਬੀਆਂ ਲਈ ਇਹ ਸਭਤੋਂ ਸੁਨਹਿਰੀ ਮੌਕਾ ਹੈ। ਕਿਉਂਕਿ ਇਸ ਸਮੇਂ ਇਟਲੀ ਵਿੱਚ ਖੇਤੀ ਕਾਮਿਆਂ ਦੀ ਭਾਰੀ ਮੰਗ ਹੈ ਅਤੇ ਇਸਨੂੰ ਪੂਰਾ ਕਰਨ ਲਈ ਇਟਲੀ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਯੂਰਪ ਦੇ ਸਮੁੰਦਰੀ ਤੱਟ ‘ਤੇ ਵਸੇ ਛੋਟੇ ਜਿਹੇ ਦੇਸ਼ ਇਟਲੀ ਦੀ ਸਰਕਾਰ ਵੱਲੋਂ ਇੱਕ ਦਲੇਰੀ ਭਰਿਆ ਫੈਸਲਾ ਲੈਂਦੇ ਹੋਏ 38,800 ਵਿਦੇਸ਼ੀ ਕਾਮਿਆਂ ਲਈ ਪੇਪਰ ਖੋਲ੍ਹ ਦਿੱਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਇਟਲੀ ਵਿਚ ਮਾਰਚ ਦੇ ਮਹੀਨੇ ਵਿੱਚ ਦੂਜੇ ਦੇਸ਼ਾਂ ਤੋ ਕਈ ਵਿਦੇਸ਼ੀ ਕਾਮੇ ਆਉਂਦੇ ਹਨ ਅਤੇ ਇਸ ਲਈ 9 ਮਹੀਨਿਆਂ ਵਾਲੇ ਪੇਪਰ ਖੋਲ੍ਹੇ ਜਾਂਦੇ ਹਨ। ਪਰ ਇਸ ਸਾਲ ਮਹਾਮਾਰੀ ਦੇ ਕਾਰਨ ਇਸ ਕੋਟੇ ਨੂੰ ਥੋੜ੍ਹੀ ਦੇਰੀ ਨਾਲ ਖੋਲ੍ਹਿਆ ਗਿਆ ਹੈ। ਇਟਲੀ ਜਾਣ ਦੇ ਚਾਹਵਾਨ ਹੁਣ 22 ਅਕਤੂਬਰ ਤੋਂ ਆਨਲਾਈਨ ਫਾਰਮ ਭਰਕੇ ਅਰਜ਼ੀਆਂ ਦੇ ਸਕਦੇ ਹਨ ।

ਜਾਣਕਾਰੀ ਦੇ ਅਨੁਸਾਰ ਇਸ ਕੋਟੇ ਤਹਿਤ ਸਿਰਫ ਖੇਤੀ ਫਾਰਮਾਂ ਤੇ ਸੈਰ-ਸਪਾਟੇ ਨਾਲ ਸਬੰਧਤ ਕਿੱਤਿਆਂ ਵਾਲੇ ਮਾਲਕ ਹੀ ਅਪਲਾਈ ਕਰ ਸਕਦੇ ਹਨ। ਇਸ ਲਈ ਜੇਕਰ ਕੋਈ ਕਿਸਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਇਹ ਉਨ੍ਹਾਂ ਲਈ ਆਪਣੇ ਕਿੱਤੇ ਨਾਲ ਸਬੰਧਿਤ ਕੰਮ ਲਈ ਬਾਹਰ ਜਾਣ ਦਾ ਸਭਤੋਂ ਵਧੀਆ ਮੌਕਾ ਹੈ।

ਇਸ ਕੋਟੇ ਦਾ ਫਾਇਦਾ ਪਹਿਲਾਂ ਤੋਂ ਇਟਲੀ ਵਿੱਚ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਵੀ ਹੋਵੇਗਾ। ਕਿਉਂਕਿ ਹੁਣ ਉਹ ਵਿਅਕਤੀ ਇਟਲੀ ਦਾ ਪੱਕਾ ਵਰਕ ਪਰਿਮਟ ਲੈ ਸਕਣਗੇ ਜਿਹੜੇ ਪਿਛਲੇ ਸਾਲ 9 ਮਹੀਨਿਆਂ ਵਾਲਿਆਂ ਪੇਪਰਾਂ ਤੇ ਇਟਲੀ ਦਾਖ਼ਲ ਹੋਏ ਸਨ।