ਪਰਾਲੀ ਨਾ ਸਾੜਨ ਦੀ ਅਪੀਲ ਕਰਨ ਗਏ ਸੀ ਮੁਲਾਜਮ, ਫੇਰ ਨੱਕ ਰਗੜ….

ਹਰ ਵਾਰ ਦੀ ਤਰਾਂ ਪਰਾਲੀ ਦੀ ਸੰਭਾਲ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਰਿਹਾ ਹੈ। ਹਰ ਵਾਰ ਪੰਜਾਬ ਦੇ ਬਹੁਤੇ ਕਿਸਾਨ ਆਧੁਨਿਕ ਖੇਤੀ ਸੰਦ ਨਾ ਹੋਣ ਕਾਰਨ ਪਰਾਲੀ ਨੂੰ ਸਾੜਦੇ ਹਨ। ਪਰ ਇਸ ਵਾਰ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਦੇ ਤਹਿ ਕਰਮਚਾਰੀ ਪਿੰਡਾਂ ਵਿੱਚ ਜਾਕੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ। ਪਰ ਫਤਿਆਬਾਦ ਵਿੱਚ ਕਿਸਾਨਾਂ ਨੂੰ ਅਪੀਲ ਕਰਨ ਆਏ ਬੈਂਕ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਘੇਰ ਲਿਆ। ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ ਪਿੰਡ ਵਾਸੀਆਂ ਵੱਲੋਂ ਮਾਫੀ ਵੀ ਮੰਗਵਾਈ ਗਈ।

ਇੱਥੋਂ ਤੱਕ ਕਿ ਪਿੰਡ ਦੇ ਕਿਸਾਨਾਂ ਨੇ ਉਨ੍ਹਾਂ ਕਰਮਚਾਰੀਆਂ ਨੂੰ ਗੁਰਦੁਆਰੇ ਦੇ ਬਾਹਰ ਨੱਕ ਰਗੜਾ ਕੇ ਭਵਿੱਖ ਵਿਚ ਪਿੰਡ ਵਿਚ ਨਾ ਆਉਣ ਅਤੇ ਨਾ ਹੀ ਪ੍ਰਚਾਰ ਕਰਨ ਦੀ ਗੱਲ ਕਹੀ। ਕਰਮਚਾਰੀ ਡਰ ਕਾਰਨ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਵਾ ਉਥੋਂ ਵਾਪਸ ਚਲੇ ਗਏ। ਤੁਹਾਨੂੰ ਦੱਸ ਦੇਈਏ ਕਿ ਨਾਬਾਰਡ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਦੇ ਤਹਿਤ ਇਹ ਦੋ ਕਰਮਚਾਰੀ ਪ੍ਰਚਾਰ ਵਾਲੀਆਂ ਗੱਡੀਆਂ ਨਾਲ ਪਿੰਡ ਵਿਚ ਕਿਸਾਨਾਂ ਨੂੰ ਅਪੀਲ ਕਰਨ ਲਈ ਆਏ ਸਨ। ਪਰ ਪਿੰਡ ਦੇ ਲੋਕਾਂ ਨੇ ਘਿਰਾਓ ਕਰਕੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ।

ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਸਿਹਾਗ ਦਾ ਕਹਿਣਾ ਹੈ ਕਿ ਅਜਿਹਾ ਵਰਤਾਰਾ ਗਲਤ ਹੈ ਅਤੇ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਵੀ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਐਫਆਈਆਰ ਵੀ ਦਰਜ ਕੀਤੀ ਜਾਵੇਗੀ।