ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਅਗਲੇ 60 ਦਿਨਾਂ ਲਈ ਕਿਸਾਨਾਂ ਦੇ ਇਸ ਕੰਮ ‘ਤੇ ਲਾਈ ਪਾਬੰਦੀ

ਅੱਜ ਦੇ ਸਮੇਂ ਵਿਚ ਹਰ ਕਿਸਾਨ ਬਹੁਤ ਜਿਆਦਾ ਕੀਟਨਾਸ਼ਕਾਂ ਅਤੇ ਕੈਮੀਕਲਾਂ ਦੀ ਵਰਤੋਂ ਕਰ ਰਿਹਾ ਹੈ। ਪਰ ਹੁਣ ਸਰਕਾਰ ਨੇ ਇਸ ਮੁੱਦੇ ਤੇ ਇੱਕ ਸਖਤ ਫੈਸਲਾ ਲੈਂਦਿਆਂ ਪੰਜਾਬ ਦੇ ਕਿਸਾਨਾਂ ਦੇ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਾਰੇ ਹਾਨੀਕਾਰਕ ਕੀਟਨਾਸ਼ਕਾਂ ਦੀ ਵਿਕਰੀ ’ਤੇ 60 ਦਿਨ ਲਈ ਪਾਬੰਦੀ ਲਾ ਦਿੱਤੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬੇ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਅਨੁਰਿਧ ਤਿਵਾੜੀ ਨੇ ਇਨ੍ਹਾਂ ਜ਼ਹਿਰਾਂ ਉੱਤੇ ਪਾਬੰਦੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪੰਜਾਬ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਫੈਸਲਾ ਸਰਕਾਰੀ ਲੈਬਾਰਟਰੀਆਂ ਤੋਂ ਨਮੂਨੇ ਚੈੱਕ ਕਰਵਾਉਣ ਮਗਰੋਂ ਝੋਨਾ ਤੇ ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਬਚਾਉਣ ਅਤੇ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਲਿਆ ਗਿਆ ਹੈ।

ਪੰਨੂ ਨੇ ਦੱਸਿਆ ਕਿ ਇਹ ਜ਼ਹਿਰ ਫਸਲਾਂ ਅਤੇ ਕਿਸਾਨਾਂ ਦੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦੇਹ ਹਨ, ਪਰ ਫਿਰ ਵੀ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਅਤੇ ਵਰਤੋਂ ਬਹੁਤ ਵੱਡੇ ਪੈਮਾਨੇ ਉੱਤੇ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਖਾਸ ਤੌਰ ‘ਤੇ 9 ਖੇਤੀ ਰਸਾਇਣਾਂ ’ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿਚ ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪ੍ਰੋਪੀਕੋਨਾਜ਼ਲੋ ਐਸੀਫੇਟ, ਟਰਾਈਜ਼ੋਫੋਸ ਤੇ ਥਾਇਓਫਿਨੇਟ ਮਿਥਾਈਲ ਸ਼ਾਮਲ ਹਨ।

ਯਾਨੀ ਹੁਣ ਇਨ੍ਹਾਂ 9 ਰਸਾਇਣਾਂ ਨੂੰ ਹੁਣ ਨਾ ਤਾਂ ਮਾਰਕੀਟ ਵਿਚ ਵੇਚਿਆ ਜਾ ਸਕੇਗਾ ਅਤੇ ਨਾ ਹੀ ਕਿਸਾਨ ਇਨ੍ਹਾਂ ਦੀ ਵਰਤੋਂ ਕਰ ਸਕਣਗੇ। ਇਸ ਸਬੰਧੀ ਖੇਤੀ ਸਕੱਤਰ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ 9 ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕਰੇਗੀ। ਪੰਨੂ ਨੇ ਕਿਹਾ ਕਿ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਾਲ ਚੌਲਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਸਰਕਾਰ ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਅੰਸ਼ ਦੇ ਪੱਧਰ ਤੋਂ ਜ਼ਿਆਦਾ ਰਹਿਣ ਦਾ ਖ਼ਤਰਾ ਰਹਿੰਦਾ ਹੈ।