ਖੁਸ਼ਖਬਰੀ! ਹੁਣ ਸਰਕਾਰ ਕਿਸਾਨਾਂ ਦੇ ਪਸ਼ੂਆਂ ਲਈ ਮੁਫ਼ਤ ਵਿੱਚ ਬਣਾਵੇਗੀ ਸ਼ੈੱਡ, ਇਨ੍ਹਾਂ ਕਿਸਾਨਾਂ ਨੂੰ ਮਿਲੇਗਾ ਲਾਭ

ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਹੁਣ ਸਰਕਾਰ ਨੇ ਪਸ਼ੂਪਾਲਣ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੇ (BPL) ਪਸ਼ੂਪਾਲਕ ਕਿਸਾਨਾਂ ਨੂੰ ਮੁਫ਼ਤ ਵਿੱਚ ਪਸ਼ੂ ਸ਼ੇਡ ਤਿਆਰ ਕਰਕੇ ਦੇਵੇਗੀ।

ਜਾਣਕਾਰੀ ਦੇ ਅਨੁਸਾਰ ਇਸ ਯੋਜਨਾ ਨੂੰ ਫਿਲਹਾਲ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਹੌਲੀ ਹੌਲੀ ਇਸਨੂੰ ਦੂਸਰੇ ਸੂਬੇ ਵੀ ਸ਼ੁਰੂ ਕਰ ਸਕਦੇ ਹਨ। ਇਸ ਸਬੰਧੀ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਹਿਣਾ ਕਿ ਇਹ ਕੰਮ ਪੇਂਡੂ ਵਿਕਾਸ ਵਿਭਾਗ ਮਨਰੇਗਾ ਸਕੀਮ ਤਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਘੱਟ ਜ਼ਮੀਨ ਵਾਲੇ ਛੋਟੇ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

ਇਸੇ ਕਾਰਨ ਸਰਕਾਰ ਨੇ ਅਨੁਸੂਚਿਤ ਜਾਤੀਆਂ, ਵਿਧਵਾਵਾਂ, ਔਰਤਾਂ ਦੇ ਘਰਾਂ ਬੀਪੀਐਲ ਅਤੇ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਛੋਟੇ ਕਿਸਾਨਾਂ ਲਈ ਮੁਫਤ ਪਸ਼ੂ-ਸ਼ੈਡ ਬਣਾਉਣ ਦਾ ਫੈਸਲਾ ਕੀਤਾ ਹੈ। ਚੌਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਮਾਰਚ 2021 ਤੱਕ 40,000 ਅਜਿਹੇ ਪਸ਼ੂ-ਸ਼ੈਡ ਬਣਾਵੇਗੀ। ਜਿਨ੍ਹਾਂ ਵਿਚੋਂ 10000 ਸ਼ੈੱਡ 30 ਸਤੰਬਰ, 2020 ਤੱਕ ਬਣ ਕੇ ਤਿਆਰ ਹੋ ਜਾਣਗੇ।

ਰਾਜ ਵਿਚ ਗਰੀਬਾਂ ਦੇ ਪਸ਼ੂਆਂ ਲਈ ਸ਼ੈੱਡ ਬਣਾਉਣ ‘ਤੇ ਕੁਲ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਕਈ ਗਰੀਬ ਕਿਸਾਨ ਪਰਿਵਾਰ ਹਨ, ਜਿਨ੍ਹਾਂ ਕੋਲ ਪਸ਼ੂਆਂ ਲਈ ਸ਼ੈਡ ਨਹੀਂ ਹੁੰਦਾ ਅਤੇ ਇਸੇ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਯੋਜਨਾ ਨਾਲ ਗਰੀਬ ਕਿਸਾਨਾਂ ਦੇ ਪਸ਼ੂ ਵੀ ਸੁਰੱਖਿਅਤ ਹੋਣਗੇ ਅਤੇ ਨਾਲ ਹੀ ਕਈ ਲੋੜਵੰਦ ਲੋਕਾਂ ਨੂੰ ਸ਼ੈਡ ਬਣਾਉਣ ਵਿੱਚ ਵੀ ਰੁਜ਼ਗਾਰ ਮਿਲੇਗਾ।

ਇਸਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ‘ਤੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਵੀ ਸ਼ੁਰੂ
ਕਰ ਦਿੱਤੀ ਹੈ। ਇਸ ਸਕੇਮ ਦੇ ਅਨੁਸਾਰ ਕਿਸਾਨ ਪਸ਼ੂਪਾਲਨ ਲਈ 3 ਲੱਖ ਰੁਪਏ ਤੱਕ ਦਾ ਕਰਜ਼ਾ ਸਿਰਫ 4% ਵਿਆਜ ਦਰ ‘ਤੇ ਲੈ ਸਕਣਗੇ। ਇੱਕ ਗਾਂ ਦੇ ਲਈ 40,783 ਰੁਪਏ ਅਤੇ ਮੱਝ ਲਈ 60,249 ਰੁਪਏ ਦਾ ਲੋਨ ਦਿੱਤਾ ਜਾਵੇਗਾ।