ਕਿਸਾਨਾਂ ਦੇ ਫਾਇਦੇ ਲਈ ਪੰਜਾਬ ਮੰਡੀ ਬੋਰਡ ਨੇ ਕੀਤਾ ਇਹ ਐਲਾਨ

ਕਿਸਾਨਾਂ ਲਈ ਇੱਕ ਕਾਫੀ ਫਾਇਦੇ ਦੀ ਖ਼ਬਰ ਸਾਮਣੇ ਆ ਰਹੀ ਹੈ। ਹੁਣ ਪੰਜਾਬ ਮੰਡੀ ਬੋਰਡ ਨੇ ਹਾੜੀ ਪ੍ਰਬੰਧਨ ਪ੍ਰਣਾਲੀ 2021-22 ਦੇ ਕਾਰਜਾਂ ਨੂੰ ਪੇਪਰਲੈੱਸ ਬਣਾਉਣ ਅਤੇ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੀ ਸਮੇਂ ਸਿਰ ਜਾਣਕਾਰੀ ਦੇਣ ਲਈ ਇੱਕ ਮੋਬਾਈਲ ਐਪਲੀਕੇਸ਼ਨ e-PMB(Punjab Mandi Board) ਅਤੇ ਨਾਲ ਹੀ ਇੰਟੇਗ੍ਰੇਟਿਡ ਮੈਨੇਜਮੈਂਟ ਸਿਸਟਮ (ਆਈ.ਐਮ.ਐਸ.) ਦੀ ਸ਼ੁਰੂਆਤ ਕੀਤੀ ਹੈ।

ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ  ਇਸ ਮੋਬਾਈਲ ਐਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਆੜਤੀਆਂ ਅਤੇ ਆਮ ਲੋਕਾਂ ਨੂੰ ਆਨ ਲਾਈਨ ਲਾਇਸੈਂਸ ਦੇਣ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ‘ਅਪਣੀਆਂ ਮੰਡੀਆਂ’ ਵਿਚ ਫਲਾਂ ਤੇ ਸਬਜ਼ੀਆਂ ਦੀਆਂ ਅਸਲ ਕੀਮਤਾਂ ਦੀ ਉਪਲਬਧਤਾ ਜਾਣਨ ਦੇ ਸਮਰੱਥ ਕਰੇਗਾ।

ਇਸ ਐਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਐਪ ਉਪਭੋਗਤਾਵਾਂ ਨੂੰ ਪੂਰੇ ਸੂਬੇ ਦੀਆਂ ਵੱਖ-ਵੱਖ ‘ਅਪਣੀ ਮੰਡੀਆਂ’ ਵਿਚ ਮੌਜੂਦ ਕੀਮਤਾਂ ਦੀ ਤੁਲਨਾ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਨੂੰ ਅਸਲ ਸਮੇਂ ਦੀਆਂ ਦਰਾਂ ‘ਤੇ ਵੇਚਣ ਦਾ ਮੌਕਾ ਪ੍ਰਦਾਨ ਕਰੇਗੀ।

ਮਤਲਬ ਜੇਕਰ ਕੋਈ ਕਿਸਾਨ ਆਪਣੀ ਕੋਈ ਸਬਜ਼ੀ ਜਾ ਉਪਜ ਵੇਚਣ ਦੀ ਸੋਚ ਰਿਹਾ ਹੈ ਤਾਂ ਉਹ ਦੇਖ ਸਕਦਾ ਹੈ ਕੇ ਅੱਜ ਮੰਡੀ ਵਿਚ ਕਿ ਰੇਟ ਚੱਲ ਰਿਹਾ ਹੈ ਜੇਕਰ ਮੰਡੀ ਵਿਚ ਰੇਟ ਚੰਗਾ ਮਿਲ ਰਿਹਾ ਹੋਵੇ ਤਾਂ ਕਿਸਾਨ ਆਪਣੀ ਫ਼ਸਲ ਮੰਡੀ ਵਿਚ ਲਿਜਾ ਸਕਦਾ ਹੈ ਨਹੀਂ ਤਾਂ ਉਹ ਕੁਝ ਦਿਨ ਇੰਤਜ਼ਾਰ ਕਰ ਸਕਦਾ ਹੈ ਅਤੇ ਜਿਸ ਦਿਨ ਰੇਟ ਚੰਗੇ ਹੋਣ ਉਸੇ ਦਿਨ ਹੀ ਫ਼ਸਲ ਵੇਚ ਸਕਦਾ ਹੈ ਇਸ ਨਾਲ ਕਿਸਾਨਾਂ ਦਾ ਸਮਾਂ ਵੀ ਬਚੇਗਾ ਤੇ ਚੰਗੀ ਕੀਮਤ ਵੀ ਮਿਲੇਗੀ

ਇਸ ਐਪ ਨਾਲ ਹੀ ਇਸ ਜੀ.ਪੀ.ਐਸ. ਯੁਕਤ ਮੋਬਾਈਲ ਐਪ ਦੀ ਮਦਦ ਨਾਲ ਕਿਸਾਨ ਪੰਜਾਬ ਮੰਡੀ ਬੋਰਡ ਦੇ ਕਰਮਚਾਰੀਆਂ ਦੀ ਹਾਜ਼ਰੀ ਅਤੇ ਉਨ੍ਹਾਂ ਦੀ ਥਾਂ ਦੀ ਪੁਸ਼ਟੀ ਵੀ ਕਰ ਸਕਣਗੇ।

ਪੰਜਾਬ ਮੰਡੀ ਬੋਰਡ ਦਾ ਇਰਾਦਾ ਕਿਸਾਨਾਂ ਦੀ ਪੈਦਾਵਾਰ ਨੂੰ ਮੰਡੀਆਂ ਵਿੱਚ ਆਉਣ ਸਾਰ ਹੀ ਖਰੀਦ ਕਰਨ ਹੈ। ਇਸੇ ਕਾਰਨ ਹੁਣ ਮੰਡੀ ਵਿੱਚ ਉਪਜ ਦੀ ਨਿਲਾਮੀ ਵੀ ਇਲੈਕਟ੍ਰਾਨਿਕ ਢੰਗ ਨਾਲ ਹੋਇਆ ਕਰੇਗੀ। ਆੜਤੀ ਜੇ-ਫਾਰਮ ਆਨਲਾਈਨ ਪ੍ਰਾਪਤ ਕਰ ਸਕਣਗੇ ਅਤੇ ਉਹ ਇਹ ਫਾਰਮ ਕਿਸਾਨਾਂ ਨੂੰ ਇਲੈਕਟ੍ਰਾਨਿਕ ਢੰਗ ਨਾਲ ਮੁਹੱਈਆ ਕਰਵਾਉਣਗੇ।

ਇਸ ਤਰੀਕੇ ਨਾਲ ਖਰੀਦ, ਭੁਗਤਾਨ ਅਤੇ ਲਿਫਟਿੰਗ ਦੀ ਅਸਲ ਸਮੇਂ ‘ਤੇ ਨਿਗਰਾਨੀ ਕੀਤੀ ਜਾ ਸਕੇਗੀ। ਖਾਸ ਗੱਲ ਇਹ ਹੈ ਕਿ ਇਹ ਐਪ ਜਾਅਲੀ ਬਿਲਿੰਗ ਨੂੰ ਰੋਕਣ ਵਿੱਚ ਵੀ ਸਹਾਇਤਾ ਕਰੇਗੀ, ਜਿਸ ਨਾਲ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ।