ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਖੇਤੀਬਾੜੀ ਮੰਤਰੀ ਨੇ ਕੀਤਾ ਇਹ ਵੱਡਾ ਐਲਾਨ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਲਵੇ ਦੀ ਨਰਮਾ ਪੱਟੀ ਦਾ ਦੂਰਾ ਕੀਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ। ਇਸਤੋਂ ਬਾਅਦ ਪੰਜਾਬ ਕਾਟਨ ਫੈਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ।

ਇਸ ਮੀਟਿੰਗ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ ਕਿਸਾਨਾਂ ਨੂੰ ਲਾਭ ਦੇਣ ਲਈ ਨਰਮੇ ‘ਤੇ ਆੜਤ ਫੀਸ ਨੂੰ 2.5 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕਣਕ ਅਤੇ ਝੋਨੇ ਦੇ ਅਨੁਪਾਤ ਅਨੁਸਾਰ ਨਰਮੇ ‘ਤੇ ਆੜਤ ਨਹੀਂ ਲਈ ਜਾ ਸਕਦੀ, ਕਿਉਂਕਿ ਝੋਨੇ ਅਤੇ ਕਣਕ ਦੀ ਫਸਲ ਨੂੰ ਮੰਡੀ ਵਿਚ ਲਾਹੁਣ, ਸਫਾਈ, ਭਰਨ, ਤੋਲਣ ਅਤੇ ਢੋਆਈ ਆਦਿ ‘ਤੇ ਕਈ ਖਰਚੇ ਆਉਂਦੇ ਹਨ।

ਜਦਕਿ ਨਰਮੇ ‘ਤੇ ਇਹ ਖਰਚੇ ਲਗਭਗ ਨਾ ਮਾਤਰ ਹਨ। ਇਸੇ ਕਾਰਨ ਹੀ ਨਰਮੇ ‘ਤੇ ਮਾਰਕੀਟ ਫੀਸ ਨੂੰ ਪਹਿਲਾਂ ਹੀ 2 ਫੀਸਦੀ ਤੋਂ ਘਟਾ ਕੇ 0.5 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਖ੍ਹਾ ਕਿ ਨਰਮਾ ਪੱਟੀ ਦੇ ਕਿਸਾਨ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆੜਤ ਘੱਟ ਕਰਨ ਦੇ ਫੈਸਲੇ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੇਗੀ।

ਇਸਦੇ ਨਾਲ ਹੀ ਪੰਜਾਬ ਕਾਟਨ ਫੈਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਨਰਮੇ ਦੀ ਫਸਲ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਵੀ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਕਿਸਾਨ ਨਰਮੇ ਦੀ ਫਸਲ ਤੋਂ ਕਿਨਾਰਾ ਕਰਨ ਲੱਗੇ ਹਨ, ਜਿਸ ਦਾ ਮਾੜਾ ਅਸਰ ਕਾਟਨ ਫੈਕਟਰੀਆਂ ‘ਤੇ ਪਿਆ ਹੈ।

ਇਸ ਕਾਰਨ ਸੂਬੇ ਦੀਆਂ ਬਹੁਤ ਸਾਰੀਆਂ ਕਾਟਨ ਫੈਕਟਰੀਆਂ ਘਾਟੇ ਵਿਚ ਚੱਲ ਰਹੀਆਂ ਹਨ ਅਤੇ ਬੰਦ ਹੋਣ ਕਿਨਾਰੇ ਹਨ ਜਾ ਬੰਦ ਹੋ ਗਈਆਂ ਹਨ। ਉਨ੍ਹਾਂ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਮੁੜ ਤੋਂ ਉਤਸ਼ਾਹਿਤ ਕਰੇ। ਨਾਲ ਹੀ ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਵਲੋਂ ਉਨ੍ਹਾਂ ਤੋਂ ਫਿਕਸ ਚਾਰਜ਼ ਲਏ ਜਾਂਦੇ ਹਨ ਜੋ ਵਾਜ਼ਬ ਨਹੀਂ ਹਨ।

ਜਿਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ ‘ਤੇ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸੇ ਦੌਰਾਨ ਕਾਟਨ ਫੈਕਟਰੀਆਂ ਦੇ ਮਾਲਕਾਂ ਵਲੋਂ ਮੰਡੀ ਫੀਸ ਅਤੇ ਆਰ.ਡੀ.ਐਫ ਸਮੇਂ ਸਿਰ ਜਮਾਂ ਨਾ ਕਰਵਾਉਣ ਲਈ ਲਾਏ ਜਾਂਦੇ 10 ਗੁਣਾ ਜੁਰਮਾਨੇ ਨੂੰ ਘਟਾਉਣ ਦੀ ਬੇਨਤੀ ਵੀ ਕੀਤੀ।