ਹੁਣ ਕੈਨੇਡਾ ਨੌਕਰੀ ਕਰਨਾ ਹੋਵੇਗਾ ਹੋਰ ਵੀ ਅਸਾਨ, ਕੈਨੇਡਾ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਇਸੇ ਵਿਚਕਰ ਹੁਣ ਜੋ ਨੌਜਵਾਨ ਕੈਨੇਡਾ ਵਿੱਚ ਨੌਕਰੀ ਦੇ ਮੌਕੇ ਭਾਲ ਰਹੇ ਹਨ ਉਨ੍ਹਾਂ ਲਈ ਕੈਨੇਡਾ ਸਰਕਾਰ ਨੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਤੁਹਾਨੂੰ ਦੱਸਸ ਦੇਈਏ ਕਿ ਕਾਉਂਟੀ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਵਧਾਉਣ ਦੀ ਪੇਸ਼ਕਸ਼ ਕਰ ਰਹੀ ਹੈ ਜਿਹਨਾਂ ਦੀ ਪਰਮਿਟ ਦੀ ਮਿਆਦ 20 ਸਤੰਬਰ, 2021 ਅਤੇ 31 ਦਸੰਬਰ, 2022 ਦੇ ਵਿਚਕਾਰ ਸਮਾਪਤ ਹੋ ਗਈ ਹੈ ਜਾਂ ਸਮਾਪਤ ਹੋ ਜਾਵੇਗੀ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ (PGWPP) ਦੇ ਅਧੀਨ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਵਿੱਚ ਸੁਧਾਰ ਜਾਰੀ ਹੈ, ਉਂਝ ਸੈਂਕੜੇ ਹਜ਼ਾਰਾਂ ਨੌਕਰੀਆਂ ਭਰਨ ਦੀ ਉਡੀਕ ਵਿੱਚ ਹਨ।

ਉਨ੍ਹਾਂ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਹੁਣ ਪੋਸਟ-ਗ੍ਰੈਜੂਏਟ ਵਰਕ ਪਰਮਿਟਾਂ ਨੂੰ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਵਧਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਮਿਲੇਗਾ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਅਰਜ਼ੀ ਦੇ ਬਾਰੇ ਪੂਰੀ ਜਾਣਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਦੇਸ਼ ਦੀ ਅਧਿਕਾਰਤ ਵੈੱਬਸਾਈਟ ‘ਤੇ ਪੋਸਟ ਕਰ ਦਿੱਤੀ ਜਾਵੇਗੀ। PGWPP ਦੁਆਰਾ ਓਪਨ ਵਰਕ ਪਰਮਿਟ ਲਈ ਸਿਰਫ ਉਹ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ ਜਿਹੜੇ ਯੋਗਤਾ ਪ੍ਰਾਪਤ ਕੈਨੇਡੀਅਨ ਮਨੋਨੀਤ ਸਿਖਲਾਈ ਸੰਸਥਾਵਾਂ (DLIs) ਤੋਂ ਗ੍ਰੈਜੂਏਟ ਹੋਏ ਹਨ।

ਜਿਹੜੇ ਵਿਦਿਆਰਥੀ ਆਪਣਾ ਅਧਿਐਨ ਪ੍ਰੋਗਰਾਮ ਪੂਰਾ ਕਰ ਚੁੱਕੇ , ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਉਹ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਆਪਣੀ ਅਰਜ਼ੀ ‘ਤੇ ਫ਼ੈਸਲੇ ਦੀ ਉਡੀਕ ਕਰਦੇ ਹਨ, ਬਸ਼ਰਤੇ ਉਹ ਕੁਝ ਲੋੜਾਂ ਨੂੰ ਪੂਰਾ ਕਰਦੇ ਹਨ।