ਪੰਜਾਬ ਵਿੱਚ ਹੁਣ ਨਹੀਂ ਮਿਲਣਗੀਆਂ ਇੱਟਾਂ, ਜਾਣੋ ਕਾਰਨ

ਜਿਹੜੇ ਲੋਕ ਘਰ ਬਣਾ ਰਹੇ ਹਨ ਜਾਂ ਬਣਾਉਣ ਬਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਹੁਣ ਪੰਜਾਬ ਵਿੱਚ ਇੱਟਾਂ ਨਹੀਂ ਮਿਲਣਗੀਆਂ। ਤੁਹਾਨੂੰ ਦੱਸ ਦੇਈਏ ਕਿ ਹੁਣ ਅਗਲੇ ਸੀਜ਼ਨ ਤੋਂ ਪੰਜਾਬ ’ਚ ਅਗਲੇ ਇੱਟਾਂ ਦੇ ਭੱਠਿਆਂ ’ਤੇ ਇੱਟਾਂ ਨਹੀਂ ਬਣਾਈਆਂ ਜਾਣਗੀਆਂ। ਦੇਸ਼ ਭਰ ਦੇ ਭੱਠਾ ਮਾਲਕਾਂ ਵੱਲੋਂ ਭੱਠਿਆਂ ‘ਤੇ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਭੱਠਾ ਮਾਲਕਾਂ ਦੇ ਇਸ ਫੈਸਲੇ ਨਾਲ ਪੰਜਾਬ ਦੇ ਲਗਭਗ 2500 ਭੱਠੇ ਪ੍ਰਭਾਵਿਤ ਹੋ ਜਾਣਗੇ, ਜਿਨ੍ਹਾਂ ’ਤੇ ਕਰੀਬ 2.5 ਲੱਖ ਮਜ਼ਦੂਰ ਕੰਮ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਇਸਦੇ ਨਾਲ ਹੀ ਇੱਟਾਂ ਦੀ ਢੋਆ-ਢੁਆਈ, ਮਿੱਟੀ ਦੀ ਢੋਆ-ਢੁਆਈ ਸਮੇਤ ਹੋਰ ਕੰਮਾਂ ਵਿਚ ਲੱਗੇ ਲੋਕ ਵੀ ਬੇਰੋਜ਼ਗਾਰ ਹੋ ਜਾਣਗੇ। ਇਸ ਫੈਸਲੇ ਦਾ ਅਸਰ ਪੰਜਾਬ ਵਿੱਚ ਮਜ਼ਦੂਰਾਂ ਦੇ ਨਾਲ ਨਾਲ ਵਿਕਾਸ ਕਾਰਜਾਂ ’ਤੇ ਵੀ ਪੈਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਹਰ ਸਾਲ 30 ਜੂਨ ਤੋਂ ਬਾਅਦ ਅਕਤੂਬਰ ਤੱਕ ਇੱਟਾਂ ਦੇ ਭੱਠੇ ਬੰਦ ਰਹਿੰਦੇ ਹਨ। ਪਰ ਇਸ ਵਾਰ ਆਲ ਇੰਡੀਆ ਬ੍ਰਿਕ ਮੈਨੂਫੈਕਚਰਰਜ਼ ਫੈਡਰੇਸ਼ਨ ਨੇ ਅਕਤੂਬਰ ਤੋਂ ਨਵਾਂ ਸੀਜ਼ਨ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਲਿਆ ਹੈ। ਯਾਨੀ ਹੁਣ ਜੁਲਾਈ ਤੋਂ ਇੱਟ ਉਤਪਾਦਨ ਬੰਦ ਹੋਣ ਤੋਂ ਬਾਅਦ ਇੱਟਾਂ ਦੀਆਂ ਕੀਮਤਾਂ ਵੀ ਕਾਫੀ ਜਿਆਦਾ ਵੱਧ ਸਕਦੀਆਂ ਹਨ।

ਜਾਣਕਾਰੀ ਦੇ ਅਨੁਸਾਰ ਸਰਕਾਰ ਨੇ ਜੀ.ਐੱਸ.ਟੀ. ਦੀ ਦਰ 1 ਫੀਸਦੀ ਤੋਂ ਵਧਾ ਕੇ 6 ਫੀਸਦੀ ਕਰ ਦਿੱਤੀ ਹੈ। ਭੱਠਾ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹ ਅਣ-ਰਜਿਸਟਰਡ ਅਦਾਰਿਆਂ ਤੋਂ ਲੇਬਰ ਲੈ ਕੇ ਕੋਲਾ/ਬਾਇਓਵੇਸਟ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਟੈਕਸ ਦੇਣਾ ਪਵੇਗਾ। ਸਰਕਾਰ ਦੀਆਂ ਇਨ੍ਹਾਂ ਨੀਤੀਆ ਕਾਰਨ ਭੱਠਾ ਮਾਲਕ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ।