ਬਾਸਮਤੀ ਦੀ ਫਸਲ ਨੂੰ ਘੰਢੀ ਰੋਗ ਤੋਂ ਬਚਾਉਣ ਲਈ ਕਰੋ ਇਹ ਸਪਰੇਅ

ਕਿਸਾਨਾਂ ਸਾਹਮਣੇ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿ ਫਸਲਾਂ ਨੂੰ ਬਿਮਾਰੀਆਂ ਤੋਂ ਕਿਸ ਤਰਾਂ ਬਚਾਇਆ ਜਾ ਸਕੇ। ਪਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਫਸਲਾਂ ਨੂੰ ਬਿਮਾਰੀ ਲੱਗ ਜਾਂਦੀ ਹੈ। ਝੋਨੇ ਦੀ ਗੱਲ ਕਰੀਏ ਤਾਂ ਬਾਸਮਤੀ ਝੋਨੇ ਦੀ ਫਸਲ ਤੇ ਭੁਰੜ ਰੋਗ (ਬਲਾਸਟ) ਜਾਂ ਘੰਢੀ ਰੋਗ/ ਧੌਣ ਮਰੋੜ (ਨੈੱਕ ਬਲਾਸਟ) ਦਾ ਹਮਲਾ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ। ਇਸ ਰੋਗ ਕਾਰਨ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਅਤੇ ਇਹ ਬਾਅਦ ਵਿਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ।

ਕਈ ਵਾਰ ਇਸ ਬਿਮਾਰੀ ਦਾ ਹਮਲਾ ਮੁੰਜ਼ਰਾਂ ਦੇ ਹੇਠਾਂ ਤਣੇ ‘ਤੇ ਵੀ ਹੋ ਜਾਂਦਾ ਹੈ। ਜਿਸ ਕਾਰਨ ਮੁੰਜ਼ਰਾਂ ਹੇਠਾਂ ਵੱਲ ਨੂੰ ਝੁਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਘਟਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਕਿਸਾਨਾਂ ਵੱਲੋਂ ਆਮਤੌਰ ਤੇ ਉੱਲੀਨਾਸ਼ਕਾਂ ਦੀ ਸਪਰੇਅ ਸਿਫਾਰਿਸ਼ ਕੀਤੇ ਸਮੇਂ ਤੋਂ ਬਾਅਦ ਕੀਤੀ ਜਾਂਦੀ ਹੈ। ਕਿਸਾਨ ਸਿਫਾਰਿਸ਼ ਨਾਲੋਂ ਜਿਆਦਾ ਮਾਤਰਾ, ਘੱਟ ਪਾਣੀ ਅਤੇ ਗੈਰ ਸਿਫਾਰਿਸ਼ੀ ਉੱਲੀਨਾਸ਼ਕ ਵਰਤਦੇ ਹਨ। ਜਿਸ ਕਾਰਨ ਇਸ ਬਿਮਾਰੀ ਦੀ ਰੋਕਥਾਮ ਚੰਗੀ ਤਰ੍ਹਾਂ ਨਹੀਂ ਹੁੰਦੀ ਅਤੇ ਉੱਲੀਨਾਸ਼ਕਾਂ ਦੀ ਰਹਿੰਦ-ਖੂੰਹਦ ਵੀ ਦਾਣਿਆਂ ਵਿੱਚ ਰਹਿ ਜਾਂਦੀ ਹੈ।

ਇਸੇ ਕਾਰਨ ਬਾਅਦ ਵਿਚ ਦਾਣਿਆਂ ਵਿੱਚ ਉੱਲੀਨਾਸ਼ਕਾਂ ਦੀ ਮਾਤਰਾ ਬਰਦਾਸ਼ਤ ਸੀਮਾ (0.01 ਮਿਲੀਗ੍ਰਾਮ ਪ੍ਰਤੀ ਕਿੱਲੋ) ਤੋਂ ਵੱਧ ਹੋਣ ਕਾਰਨ ਕਈ ਦੇਸ਼ ਬਾਸਮਤੀ ਖਰੀਦਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਮੰਡੀਆਂ ਵਿੱਚ ਇਸ ਦਾ ਭਾਅ ਘੱਟ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਲਗਾਤਾਰ ਆਪਣੀ ਬਾਸਮਤੀ ਦੀ ਫਸਲ ਦਾ ਸਰਵੇਖਣ ਕਰਦੇ ਰਹਿਣ।

ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਦੀ ਬਾਸਮਤੀ ਵਿਚ ਇਸ ਰੋਗ ਦਾ ਹਮਲਾ ਹੋਇਆ ਸੀ ਉਹ ਬਾਸਮਤੀ ਦੀ ਫਸਲ ‘ਤੇ 500 ਗ੍ਰਾਮ ਇੰਡੋਫਿਲ ਐਂਡ-78 ਜਾਂ 200 ਮਿ.ਲਿ ਐਮੀਸਟਾਰ ਟੋਪ 325 ਐਸ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਸਿੱਟੇ ਨਿਕਲਣ ਵੇਲੇ (ਗੋਭ ਵੇਲੇ) ਅਤੇ ਦੂਸਰਾ ਛਿੜਕਾਅ 10-12 ਦਿਨਾਂ ਬਾਅਦ ਕਰਨ। ਇਸ ਸਪਰੇਅ ਨਾਲ ਇਸ ਬਿਮਾਰੀ ਤੇ ਸਹੀ ਸਮੇਂ ਤੇ ਕਾਬੂ ਪਾਇਆ ਜਾ ਸਕਦਾ ਹੈ। ਕਿਸਾਨ ਨਿਸਾਰੇ ਸਮੇਂ ਫਸਲ ਨੂੰ ਪਾਣੀ ਜਰੂਰ ਲਗਾਉਂਦੇ ਰਹਿਣ ਤਾਂ ਜੋ ਸੋਕਾ ਨਾ ਲੱਗੇ।