ਕਣਕ ਦੀ ਫਸਲ ਨੂੰ ਤੇਲੇ ਚੇਪੇ ਤੋਂ ਬਚਾਉਣ ਲਈ ਕਿਸਾਨ ਜਲਦ ਕਰਨ ਇਹ ਸਪਰੇਅ

ਜੇਕਰ ਕਿਸਾਨ ਵੀਰ ਤੇਲ ਬੀਜ ਫਸਲਾਂ ਤੋਂ ਜਿਆਦਾ ਝਾੜ ਲੈਣਾ ਚਾਹੁੰਦੇ ਹਨ ਤਾਂ ਸਮੇਂ ਸਿਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਕਰਨਾ ਬਹੁਤ ਜਰੂਰੀ ਹੈ। ਦਰਅਸਲ ਇਹ ਕਹਿਣਾ ਹੈ ਖੇਤੀਬਾੜੀ ਬਲਾਕ ਅਫਸਰ ਡਾ. ਅਮਰੀਕ ਸਿੰਘ ਦਾ। ਉਨ੍ਹਾਂ ਇਹ ਗੱਲ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੀ। ਡਾ. ਅਮਰੀਕ ਸਿੰਘ ਅਨੁਸਾਰ ਸਰੋਂ ਅਤੇ ਕਣਕ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਜ਼ਰੂਰੀ ਹੈ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਸਮੇਂ ਸਿਰ ਰੋਕਥਾਮ ਕੀਤੀ ਜਾਵੇ।

ਕਣਕ ਦੀ ਫਸਲ ਵਿੱਚ ਚੇਪੇ ਦੀ ਰੋਕਥਾਮ ਲਈ ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਕਿਸਾਨ ਪ੍ਰਤੀ ਏਕੜ 20 ਗ੍ਰਾਮ ਥਾਇਆਮੈਥੋਕਸਮ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਜਰੂਰ ਕਰਨ। ਊਨਾ ਕਿਹਾ ਕਿ ਕਿਸਾਨ ਸਰੋਂ ਵਿੱਚ ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਸ਼ਾਮ ਵੇਲੇ ਹੀ ਕਰਨ, ਤਾਂ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਇਆ ਜਾ ਸਕੇ। ਕਿਸਾਨਾਂ ਵੱਲੋਂ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਜ਼ਰਖੇਜ਼ ਮਿੱਟੀ, ਭੱਠੇ ਵਾਲਿਆਂ ਨੂੰ ਇੱਟਾਂ ਬਨਾਉਣ ਲਈ ਪਟਾਉਣ ਕਾਰਨ ਕਣਕ ਦੀ ਫਸਲ ਵਿੱਚ ਕਈ ਖੇਤਾਂ ਵਿੱਚ ਮੈਂਗਨੀਜ਼ ਖੁਰਾਕੀ ਤੱਤ ਦੀ ਕਮੀ ਦੇਖੀ ਗਈ ਹੈ।

ਉਨਾਂ ਦੱਸਿਆ ਕਿ ਮੈਂਗਨੀਜ਼ ਦੀ ਘਾਟ ਕਾਰਨ ਕਣਕ ਦੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੁਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਅਤੇ ਜਦੋ ਬਹੁਤ ਜਿਆਦਾ ਘਾਟ ਹੋ ਜਾਵੇ ਤਾਂ ਬੂਟੇ ਬਿੱਲਕੁੱਲ ਸੁੱਕ ਜਾਂਦੇ ਹਨ। ਸਿੱਟੇ ਨਿਕਲਣ ਸਮੇਂ ਝੰਡਾ ਪੱਤੇ ਤੇ ਮੈਨਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਸਾਫ ਦਿਖਾਈ ਦਿੰਦੀਆਂ ਹਨ।

ਇਸ ਲਈ ਮੈਂਗਨੀਜ਼ ਦੀ ਘਾਟ ਕਿਸਾਨ ਇੱਕ ਕਿਲੋ ਮੈਂਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਕਰਕੇ ਪੂਰਾ ਕਰ ਸਕਦੇ ਹਨ। ਧਿਆਨ ਰਹੇ ਕਿ ਮੈਂਗਨੀਜ਼ ਸਲਫੇਟ ਦਾ ਛਿੜਕਾਅ ਹਮੇਸ਼ਾ ਧੁੱਪ ਵਾਲੇ ਦਿਨ ਕਰੋ ਅਤੇ ਹਫਤੇ ਬਾਅਦ ਫਿਰ ਦੁਬਾਰਾ ਛਿੜਕਾਅ ਕਰੋ। ਡਾ, ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਮੈਂਗਨੀਜ਼ ਦਾ ਸਿਰਫ ਛਿੜਕਾਅ ਹੀ ਕਰਨ ਵੇ ਅਤੇ ਇਸ ਨੂੰ ਜ਼ਮੀਨ ਵਿੱਚ ਨਾਂ ਪਾਉਣ।

ਉਨ੍ਹਾਂ ਇਹ ਵੀ ਕਿਹਾ ਕਿ ਤਾਪਮਾਨ ਵਧਣ ਕਾਰਨ ਸਰੋਂ ਦੇ ਚੇਪੇ ਦਾ ਹਮਲਾ ਹੋ ਸਕਦਾ ਹੈ। ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫਲੀਆਂ ਤੇ ਹਮਲਾ ਕਰਕੇ ਪੂਰੀ ਤਾਂ ਢੱਕ ਲੈਂਦੇ ਹਨ। ਜਿਸਤੋ ਬਾਅਦ ਫਲੀਆਂ ਸੁਕੜ ਜਾਂਦੀਆ ਹਨ ਅਤੇ ਪੈਦਾਵਾਰ ਤੇ ਮਾੜਾ ਪ੍ਰਭਾਵ ਪੈਂਦਾ ਹੈ। ਚੇਪੇ ਦੀ ਰੋਕਥਾਮ ਬਾਰੇ ਦਾ ਅਮਰੀਕ ਸਿੰਘ ਕਹਿੰਦੇ ਹਨ ਕਿ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀ ਮੀਟਰ ਚੇਪੇ ਨਾਲ ਢੱਕਿਆ ਜਾਵੇ ਜਾਂ 40-50 ਫੀਸਦੀ ਪੌਦਿਆਂ ਤੇ ਚੇਪਾ ਨਜ਼ਰ ਆਵੇ ਤਾਂ ਕਿਸਾਨਾਂ ਨੂੰ 40 ਗ੍ਰਾਮ ਐਕਟਾਰਾ 24 ਡਬਲਿਯੂ ਜੀ,ਡਾਈਮੈਥੋਏਟ 30 ਈ ਸੀ ਜਾਂ 400 ਮਿ.ਲਿ.ਕਿਊਨਲਫਾਸ ਜਾਂ 600 ਮਿ.ਲਿ. ਕਲੋਰੋਪਾਈਰੀਫਾਸ ਪ੍ਰਤੀ ਏਕੜ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।