ਜਾਣੋ 31 ਜੁਲਾਈ ਤੱਕ ਕਿਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਵਿਚ ਪਏ ਚੰਗੇ ਮੀਂਹ ਅਤੇ ਠੰਡੀਆਂ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮਾਲਵੇ ਦੇ ਜਿਆਦਾਤਰ ਹਿੱਸਿਆਂ ਵਿਚ ਪਏ ਬਹੁਤ ਭਾਰੀ ਮੀਂਹ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਅਤੇ ਬਹੁਤੇ ਇਲਾਕੇ ਪਾਣੀ ਨਾਲ ਭਰ ਗਏ। ਹਾਲਾਂਕਿ ਉਸਤੋਂ ਬਾਅਦ ਇੱਕ ਦੁੱਕਾ ਥਾਵਾਂ ‘ਤੇ ਕਿਣਮਿਣ ਅਤੇ ਬੱਦਲਵਾਈ ਤੋਂ ਬਿਨਾਂ ਹੋਰ ਕੋਈ ਮੌਸਮੀ ਕਾਰਵਾਈ ਨਜ਼ਰ ਨਹੀਂ ਆਈ ਅਤੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਗਰਮੀ ਸਤਾਉਣ ਲੱਗੀ ਹੈ।

ਸੂਬੇ ਦੇ ਕਈ ਇਲਾਕੇ ਅਜੇ ਵੀ ਮਾਨਸੂਨ ਦੇ ਚੰਗੇ ਮੀਂਹ ਤੋਂ ਵਾਂਝੇ ਹਨ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਮੀਂਹ ਦੀ ਉਡੀਕ ਵਿੱਚ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 31 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਸ ਤਰਾਂ ਦਾ ਰਹੇਗਾ। ਸਭਤੋਂ ਪਹਿਲਾ ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 24 ਜੁਲਾਈ ਨੂੰ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਇਹ 25 ਜੁਲਾਈ ਤੱਕ ਜਾਰੀ ਰਹੇਗੀ ਅਤੇ ਕੁਝ ਕੁ ਥਾਵਾਂ ‘ਤੇ ਹਲਕੇ ਤੋਂ ਦਰਮਿਆਨ ਮੀਂਹ ਦੇਖਣ ਨੂੰ ਮਿਲ ਸਕਦਾ ਹੈ।

ਹਾਲਾਂਕਿ ਇਸ ਸਮੇਂ ਦੇ ਦੌਰਾਨ ਜਿਆਦਾਤਰ ਇਲਾਕਿਆਂ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ 28 ਜੁਲਾਈ ਤੱਕ ਮੌਸਮ ਸਾਫ ਰਹੇਗਾ । ਮੌਸਮ ਵਿਭਾਗ ਦੇ ਅਨੁਸਾਰ 28 ਤੋਂ 31 ਜੁਲਾਈ ਦੇ ਦਰਮਿਆਨ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਵੇਗਾ ਅਤੇ ਮੌਨਸੂਨ ਇੱਕ ਵਾਰ ਫਿਰ ਸਰਗਰਮ ਹੋਵੇਗਾ ਜਿਸ ਕਾਰਨ ਪੰਜਾਬ ਦੇ ਤ੍ਰਾਈ ਇਲਾਕੇ ਜਿਵੇਂ ਕਿ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ ਤੋਂ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਅਤੇ ਪਟਿਆਲਾ, ਜਲੰਧਰ ਤੱਕ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ।

ਇਹ ਇਲਾਕੇ ਪਿਛਲੇ ਦਿਨਾਂ ਵਿੱਚ ਚੰਗੇ ਮੀਂਹ ਤੋਂ ਵਾਂਝੇ ਰਹਿ ਗਏ ਸਨ ਪਰ ਹੁਣ ਤਾਜ਼ਾ ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਕਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਪੱਛਮੀ ਇਲਾਕਿਆਂ ਵਿੱਚ ਮੀਂਹ ਦੇ ਜਿਆਦਾ ਆਸਾਰ ਨਹੀਂ ਨਜ਼ਰ ਆ ਰਹੇ ਹਨ ਅਤੇ ਇਥੇ ਲਗਾਤਾਰ ਮੌਸਮ ਖੁਸ਼ਕ ਬਣਿਆ ਰਹੇਗਾ।