ਮੌਸਮ ਵਿਭਾਗ ਵੱਲੋਂ ਸੂਬੇ ਦੇ ਇਨ੍ਹਾਂ ਜਿਲ੍ਹਿਆਂ ‘ਚ ਹਾਈ ਅਲਰਟ ਜਾਰੀ, ਕੁਝ ਹੀ ਘੰਟਿਆਂ ਦੌਰਾਨ ਆਉਣ ਵਾਲਾ ਹੈ ਭਾਰੀ ਮੀਂਹ

ਫਰਵਰੀ ਦੇ ਪੂਰੇ ਮਹੀਨੇ ਪੰਜਾਬ ਦਾ ਮੌਸਮ ਬਿਲਕੁਲ ਸਾਫ ਰਿਹਾ ਅਤੇ ਜਿਆਦਾਤਰ ਇਲਾਕਿਆਂ ਵਿਚ ਚੰਗੀਆਂ ਧੁੱਪਾਂ ਨਾਲ ਫਰਵਰੀ ਵਿਚ ਹੀ ਗਰਮੀ ਦਾ ਅਹਿਸਾਸ ਹੋਣ ਲੱਗਿਆ। ਹਾਲਾਂਕਿ ਪਿਛਲੇ ਹਫਤੇ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਹਲਕੇ ਤੋਂ ਦਰਮਿਆਨ ਮੀਂਹ ਜਰੂਰ ਦਰਜ ਹੋਇਆ ਪਰ ਉਸਤੋਂ ਬਾਅਦ ਮੌਸਮ ਫਿਰ ਲਗਾਤਾਰ ਸਾਫ ਰਿਹਾ। ਹੁਣ ਇੱਕ ਵਾਰ ਫਿਰ ਪੰਜਾਬ ਦਾ ਮੌਸਮ ਬਦਲਦਾ ਨਜ਼ਰ ਆ ਰਿਹਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਸੂਬੇ ਦੇ ਜਿਆਦਾਤਰ ਹਿੱਸਿਆਂ ਵਿੱਚ 30-40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਬਿਜਲੀ ਲਿਸ਼ਕਣ ਦੇ ਨਾਲ-ਨਾਲ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ 28 ਫਰਵਰੀ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 29 ਫਰਵਰੀ ਨੂੰ 20 ਜਿਲ੍ਹਿਆਂ ‘ਚ ਆਰੇਜ਼ ਅਲਰਟ ਹੈ। ਅਲਰਟ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਇੱਕ ਵੈਸਟਰਨ ਡਿਸਟ੍ਬੇਂਸ ਦੇ ਪੰਜਾਬ ਚ ਦਾਖਲ ਹੋਣ ਕਾਰਨ ਸ਼ੁੱਕਰਵਾਰ ਰਾਤ ਤੋਂ ਸੂਬੇ ਦੇ ਜਿਆਦਾਤਰ ਇਲਾਕਿਆਂ ਵਿੱਚ ਤੇਜ਼ ਹਵਾਂਵਾਂ/ਗਰਜ-ਚਮਕ ਨਾਲ ਬਰਸਾਤੀ ਕਾਰਵਾਈਆਂ ਦੀ ਸ਼ੁਰੂਆਤ ਹੋਈ ਹੈ। ਸ਼ਨੀਵਾਰ ਯਾਨੀ ਅੱਜ ਇਹ ਸਿਸਟਮ ਆਪਣੇ ਪੂਰੇ ਸ਼ਬਾਬ ‘ਤੇ ਹੋਵੇਗਾ ਜਿਸ ਕਾਰਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਮੋਗਾ ਅਤੇ ਲੁਧਿਆਣਾ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਗੜ੍ਹੇਮਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਉੱਥੇ ਹੀ ਬਰਨਾਲਾ, ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਸਿਸਟਮ ਦਾ ਅਸਰ ਐਤਵਾਰ ਸਵੇਰ ਤੱਕ ਲਗਾਤਾਰ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਮੌਸਮੀ ਕਾਰਵਾਈਆਂ ਨਾਲ ਸੂਬੇ ਦੇ ਲੋਕਾਂ ਨੂੰ ਸਮੇੇਂ ਤੋਂ ਪਹਿਲਾਂ ਵਧੀ ਤਲਖ਼ੀ ਤੋਂ ਰਾਹਤ ਮਿਲੇਗੀ। ਹਾਲਾਂਕਿ 1 ਮਾਰਚ ਤੋਂ ਬਾਅਦ ਮੌਸਮ ਸਾਫ ਰਹੀਆਂ ਪਰ 4 ਮਾਰਚ ਤੋਂ ਫਿਰ ਦੁਬਾਰਾ ਇੱਕ ਤਕੜਾ ਵੈਸਟਰਨ ਡਿਸਟ੍ਬੇਂਸ ਪੰਜਾਬ ਵਿੱਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਵੇਗਾ।