ਸਰਕਾਰ ਇਨ੍ਹਾਂ ਮਸ਼ੀਨਾਂ ‘ਤੇ ਦੇ ਰਹੀ ਹੈ 50% ਸਬਸਿਡੀ, ਇਸ ਤਰਾਂ ਕਰੋ ਅਪਲਾਈ

ਅੱਜ ਦੇ ਸਮੇਂ ਵਿੱਚ ਕਈ ਤਰਾਂ ਦੀਆਂ ਆਧੁਨਿਕ ਖੇਤੀ ਮਸ਼ੀਨਾਂ ਆ ਚੁੱਕੀਆਂ ਹਨ ਪਰ ਬਹੁਤ ਮਹਿੰਗੀਆਂ ਹੋਣ ਕਾਰਨ ਹਰ ਕਿਸਾਨ ਇਨ੍ਹਾਂ ਨੂੰ ਨਹੀਂ ਖਰੀਦ ਸਕਦਾ। ਇਸ ਲਈ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ। ਹੁਣ ਵੀ ਸਰਕਾਰ ਕਈ ਖੇਤੀ ਮਸ਼ੀਨਾਂ ‘ਤੇ ਲਗਭਗ 50% ਸਬਸਿਡੀ ਦੇ ਰਹੀ ਹੈ। ਅੱਜ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਸਾਨ ਕਿਸ ਤਰਾਂ ਇਸ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ ਅਤੇ ਕਿਹੜੀਆਂ ਮਸ਼ੀਨਾਂ ਖਰੀਦ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਸਾਉਣੀ 2020 ਦੌਰਾਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਦੇਣ ਲਈ ਕਿਸਾਨਾਂ ਤੋਂ ਮਿਤੀ 24.08.2020 ਤੱਕ ਦਰਖਾਸਤਾਂ ਮੰਗੀਆਂ ਹਨ। ਸਰਕਾਰ ਵੱਲੋਂ ਖੇਤੀ ਮਸ਼ੀਨਾਂ ‘ਤੇ ਸਹਿਕਾਰੀ ਸਭਾਵਾਂ, ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ, ਰਜਿਸਟਰਡ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਨੂੰ 80% ਅਤੇ ਨਿੱਜੀ ਕਿਸਾਨਾਂ ਨੂੰ 50% ਸਬਸਿਡੀ ਦਿੱਤੀ ਜਾਵੇਗੀ।

ਸਰਕਾਰ ਵੱਲੋਂ ਸਾਉਣੀ ਸੀਜ਼ਨ 2020 ਦੌਰਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਲਈ ਸਬਸਿਡੀ ਤੇ ਦਿਤੀਆਂ ਜਾ ਰਹੀਆਂ ਮਸ਼ੀਨਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਹੀ ਜ਼ਜ਼ਬ ਕਰਨ ਲਈ ਕੰਬਾਈਨ ਵਿੱਚ ਲੱਗਣ ਵਾਲਾ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ ਸ਼ਰੈਡਰ/ ਮਲਚਰ, ਹਾਈਡਰੋਲਿਕ ਰਿਵਰਸੀਬਲ ਐਮ.ਬੀ.ਪਲੋਅ, ਜ਼ੀਰੋ ਟਿੱਲ ਡਰਿੱਲ ਅਤੇ ਸੁਪਰ ਸੀਡਰ ਸ਼ਾਮਿਲ ਹਨ।

ਇਸ ਇਲਾਵਾ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਵਾਲੀਆਂ ਮਸ਼ੀਨਾਂ ਜਿਵੇਂ ਬੇਲਰ, ਰੇਕ ਅਤੇ ਕਰਾਪ ਰੀਪਰ ਤੇ ਵੀ ਸਰਕਾਰ ਸਬਸਿਡੀ ਦੇ ਰਹੀ ਹੈ। ਜੋ ਕਿਸਾਨ ਇਸ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਹੁਣ ਮਿਤੀ 24.08.2020 ਤੱਕ ਦਰਖ਼ਾਸਤ ਦੇ ਸਕਦੇ ਹਨ।

ਇਸ ਸਬੰਧੀ ਜਿਆਦਾ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਸ਼ਰਤਾਂ ਦੇ ਅਨੁਸਾਰ ਦਰਖਾਸਤਾਂ ਪ੍ਰਾਪਤ ਹੋਣ ਤੋਂ ਬਾਅਦ ਲੋੜਾਂ ਅਤੇ ਫੰਡਾਂ ਦੀ ਉਪਲੱਬਧਤਾ ਅਨੁਸਾਰ ਵਿਭਾਗ ਮਸ਼ੀਨਾਂ ਦੀ ਗਿਣਤੀ ਅਤੇ ਕਿਸਮ ਵਧਾ -ਘਟਾ ਵੀ ਸਕਦਾ ਹੈ।