ਆ ਗਈ ‘ਸਰਫੇਸ ਸੀਡਰ’ ਮਸ਼ੀਨ: ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਵਾਹੇ ਕਣਕ ਦੀ ਬਿਜਾਈ ਕਰੋ

ਦੋਸਤੋ ਪੰਜਾਬ ਵਿੱਚ ਬਹੁਤ ਸਾਰੀਆਂ ਕਣਕ ਬੀਜਣ ਵਾਲਿਆਂ ਮਸ਼ੀਨਾਂ ਹਨ ਜਿਵੇ ਹੈਪੀ ਸੀਡਰ ,ਸੁਪਰ ਸੀਡਰ ਆਦਿ ਪਰ ਇਹ ਮਸ਼ੀਨਾਂ ਮਹਿੰਗੀਆਂ ਹੋਣ ਦੇ ਨਾਲ ਨਾਲ ਛੋਟੇ ਟਰੈਕਟਰਾਂ ਨਾਲ ਵੀ ਨਹੀਂ ਚਲਦਿਆਂ । ਇਸ ਕਰਕੇ ਪੰਜਾਬ ਦੇ ਛੋਟੇ ਜਿਮੀਦਾਰ ਦੀ ਪਹੁੰਚ ਤੋਂ ਬਾਹਰ ਹਨ ਤੇ ਛੋਟੇ ਕਿਸਾਨ ਅਜੇ ਵੀ ਪੁਰਾਣੀਆਂ ਮਸ਼ੀਨਾਂ ਨਾਲ ਹੀ ਕਣਕ ਦੀ ਬਿਜਾਈ ਕਰ ਰਹੇ ਹਨ । ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾ ਕੋਈ ਵਿਕਲਪ ਨਹੀਂ ਬਚਦਾ ਇਸੇ ਸਮਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜੇ ਅਤੇ ਬਿਨਾਂ ਵਾਹੇ, ਖੇਤਾਂ ਵਿੱਚ ਹੀ ਰੱਖ ਕੇ ਘੱਟ ਖਰਚੇ ਨਾਲ ਕਣਕ ਦੀ ਬਿਜਾਈ ਕਰਨ ਲਈ ਸਰਫੇਸ ਸੀਡਰ” ਨਾਂ ਦੀ ਮਸ਼ੀਨ ਬਣਾਈ ਗਈ ਹੈ। ਇਸ ਮਸ਼ੀਨ ਦਾ ਨਾਮ ਸਰਫੇਸ ਸੀਡਰ ਹੈ ਇਹ ਮਸ਼ੀਨ ਰੀਪਰ ਤੇ ਆਮ ਬਿਜਾਈ ਮਸ਼ੀਨ ਨੂੰ ਜੋੜ ਕੇ ਬਣਾਈ ਗਈ ਹੈ ਭਾਵ ਇਸ ਮਸ਼ੀਨ ਦੇ ਹੇਠਾਂ ਕਟਰ-ਕਮ-ਸਪਰੈਡਰ ਤੇ ਉੱਪਰ ਆਮ ਬਿਜਾਈ ਡਰਿਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ।

ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ- -ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ।ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ, ਜਿਸ ਨਾਲ ਗੁੱਲੀ ਡੰਡਾ ਘੱਟ ਹੁੰਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ।

ਤਕਰੀਬਨ ਹਫਤੇ ਬਾਅਦ ਕਣਕ ਦਾ ਜੰਮ ਪਰਾਲੀ ਵਿੱਚੋਂ ਬਾਹਰ ਦਿਸਣਾ ਸ਼ੁਰੂ ਹੋ ਜਾਂਦਾ ਹੈ।ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਦਾ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਸਿਹਤ ਦਾ ਵੀ ਸੁਧਾਰ ਹੁੰਦਾ ਹੈ।

ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।

ਮਸ਼ੀਨ ਦੀ ਸਹੀ ਅਤੇ ਸੁੱਚਜੀ ਵਰਤੋਂ ਲਈ ਸਾਵਧਾਨੀਆਂ :

ਬਿਜਾਈ ਅਕਤੂਬਰ ਦੇ ਅਖਰੀਲੇ ਹਫਤੇ ਤੋਂ ਅੱਧ ਨਵੰਬਰ ਤੱਕ ਕਰੋ ਕਲਰਾਠੀਆਂ ਅਤੇ ਪਾਣੀ ਦੇ ਘੱਟ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਇਸ ਤਕਨੀਕ ਨੂੰ ਨਾ ਵਰਤੋ।

ਖੇਤ ਦੇ ਕਿਆਰਿਆਂ ਦਾ ਆਕਾਰ ਛੋਟਾ ਰੱਖੋ। ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ (ਜ਼ਮੀਨ ਦੀ ਕਿਸਮ ਮੁਤਾਬਿਕ) ਇਸ ਤਰਾਂ ਲਾਓ ਤਾਂ ਕਿ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਤਾਂ ਕਿ ਕੰਬਾਈਨ ਦੇ ਟਾਇਰਾਂ ਦੀਆਂ ਪੈੜਾਂ ਨਾ ਪੈਣ।

ਬੀਜ ਦੀ ਮਾਤਰਾ 45 ਕਿਲੋ ਅਤੇ ਡੀਏਪੀ 65 ਕਿਲੋ ਪ੍ਰਤੀ ਏਕੜ ਪਾਓ। ਕਣਕ ਦੇ ਬੀਜ ਨੂੰ ਸਿਫਾਰਸ਼ ਕੀਤੇ ਗਏ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਨਾਲ ਸੋਧਣਾ ਜ਼ਰੂਰੀ ਹੈ। ਕਣਕ ਦੀ ਬਿਜਾਈ ਸਮੇਂ ਸਰਫੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋਂ 4 ਤੋਂ 5 ਇੰਚ ਉੱਚਾ ਰੱਖ ਕੇ ਸਹੀ ਰਫਤਾਰ ਤੇ ਚਲਾਇਆ ਜਾਵੇ ਤਾਂ ਜੋ ਬੀਜ ਅਤੇ ਖਾਦ ਇਕਸਾਰ ਅਤੇ ਸਹੀ ਮਾਤਰਾ ਵਿੱਚ ਖੋ ਸਕੇ।

ਖੇਤ ਵਿੱਚ ਪਏ ਕਣਕ ਦੇ ਬੀਜ ਨੂੰ ਪਰਾਲੀ ਨਾਲ ਢੱਕਿਆ ਹੋਣਾ ਯਕੀਨੀ ਬਣਾਇਆ ਜਾਵੇ। ਕਣਕ ਦੀ ਬਿਜਾਈ ਤੋਂ ਬਾਅਦ ਬੀਜ ਦੇ ਜੰਮਣ ਲਈ ਖੇਤ ਨੂੰ ਹਲਕਾ ਪਾਣੀ ਲਾਇਆ ਜਾਵੇ।ਹੋਰ ਵਧੇਰੇ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਵੀਡੀਓ ਦੇਖੋ