ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ ਕਰਨ ਇਹ ਸਪਰੇਅ

ਬਹੁਤੇ ਕਿਸਾਨ ਵੀਰਾਂ ਨੇ ਕਣਕ ਦੀ ਬਿਜਾਈ ਦਾ ਕੰਮ ਕਰ ਲਿਆ ਹੈ ਅਤੇ ਕਈ ਕਿਸਾਨ ਕਣਕ ਦੀ ਬਿਜਾਈ ਵਿੱਚ ਲੱਗੇ ਹੋਏ ਹਨ।ਪਿਛਲੇ ਕੁਝ ਦਿਨਾਂ ਦੌਰਾਨ ਕਣਕ ਵਾਲੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ ਤੇ ਬਹੁਤੇ ਖੇਤਾਂ ਵਿੱਚ ਗੁੱਲੀ ਡੰਡੇ ਦੀ ਕਾਫੀ ਸਮਸਿਆ ਦੇਖੀ ਗਈ ਹੈ। ਇਸਦੇ ਨਾਲ ਹੀ ਕਈ ਥਾਵਾਂ ਤੇ ਜੰਗਲੀ ਪਾਲਕ ਅਤੇ ਬਾਥੂ ਵੀ ਦਿਖਾਈ ਦੇਣ ਲਗਿਆ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਖੇਤਾਂ ਵਿੱਚ ਇਸ ਸਾਲ ਕਣਕ ਬੀਜਣ ਦੇ ਸਮੇਂ ਹੀ ਗੁੱਲੀ ਡੰਡਾ ਉੱਘ ਆਇਆ ਸੀ। ਇਸ ਸਾਲ ਅਕਤੂਬਰ ਦੇ ਮਹੀਨੇ ਦੀ 23-24 ਤਰੀਕ ਨੂੰ ਜਿਆਦਾ ਮੀਂਹ ਪੈਣ ਅਤੇ ਠੰਡ ਹੋਣ ਕਾਰਣ ਗੁੱਲੀ ਡੰਡਾ ਅਤੇ ਹੋਰ ਨਦੀਨ ਅਗੇਤੇ ਹੀ ਜੰਮ ਪਏ ਹਨ।

ਪਰ ਹੁਣ ਜਦੋ ਕਣਕ 10 ਤੋਂ 20 ਦਿਨਾਂ ਦੀ ਹੋ ਗਈ ਹੈ ਤਾਂ ਜਿਆਦਾਤਰ ਇਲਾਕਿਆਂ ਵਿੱਚ ਇਸਦੀ ਕਾਫੀ ਸਮਸਿਆ ਦੇਖੀ ਜਾ ਰਹੀ ਹੈ। ਕਿਸਾਨ ਇਸਨੂੰ ਲੈਕੇ ਚਿੰਤਾ ਵਿੱਚ ਹਨ ਅਤੇ ਇਸਦਾ ਹੱਲ ਲੱਭ ਰਹੇ ਹਨ। ਸਭਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦੇਈਏ ਕਿ ਕਿਸਾਨ ਵੀਰ ਆਪਣੇ ਖੇਤਾਂ ਦਾ ਲਗਾਤਾਰ ਨਰੀਖਣ ਕਰਦੇ ਰਹਿਣ।

ਜੇਕਰ ਪਹਿਲੇ ਪਾਣੀ ਤੋਂ ਪਹਿਲਾਂ 20-25 ਦਿਨਾਂ ਦੀ ਫਸਲ ਵਿੱਚ ਗੁੱਲੀ ਡੰਡਾ ਕਾਫੀ ਜੰਮ ਆਇਆ ਹੈ ਅਤੇ 2-3 ਪੱਤੇ ਖੁੱਲ ਗਏ ਹਨ, ਤਾਂ ਇਸ ਦੀ ਰੋਕਥਾਮ ਲਈ ਪਾਣੀ ਤੋਂ ਪਹਿਲਾਂ ਕੋਰ ਤੇ ਹੀ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਪਵੇਗਾ। ਇਸ ਹਾਲਤ ਵਿੱਚ ਕਿਸਾਨ ਲੀਡਰ 75 ਤਾਕਤ (ਸਲਫੋਸਲਫੂਰਾਨ) 13 ਗ੍ਰਾਮ ਪਰ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਪਹਿਲੇ ਪਾਣੀ ਤੋਂ 1-2 ਦਿਨ ਪਹਿਲਾਂ ਛਿੜਕਾਅ ਕਰ ਦੇਣ।

ਜੇਕਰ ਜਰੂਰਤ ਲਗਦੀ ਹੋਵੇ ਤਾਂ ਇਸ ਵਿੱਚ ਸਟਿਕਰ ਵੀ ਪਾਇਆ ਜਾ ਸਕਦਾ ਹੈ। ਕਿਸਾਨ ਇਹ ਗੱਲ ਜਰੂਰੀ ਧਿਆਨ ਵਿੱਚ ਰੱਖਣ ਕਿ ਛਿੜਕਾਅ ਤੋਂ 2 ਦਿਨਾਂ ਬਾਅਦ ਪਾਣੀ ਜਰੂਰ ਲਗ ਜਾਵੇ। ਕਿਉਂਕਿ ਇਹ ਦਵਾਈ ਅੱਧਾ ਪੱਤਿਆਂ ਅਤੇ ਅੱਧਾ ਜੜ ਰਾਹੀਂ ਕੰਮ ਕਰਦੀ ਹੈ। ਜਾਣਕਾਰੀ ਦੇ ਅਨੁਸਾਰ ਇਸ ਸਮੇਂ ਬਹੁਤ ਸਾਰੇ ਕਿਸਾਨ ਸਿਨਕੋਰ ( ਮੈਟਰੀਬਿਉਜੀਨ) 200-300 ਗ੍ਰਾਮ ਦਵਾਈ ਯੂਰੀਏ ਵਿਚ ਪਾ ਕੇ ਛਿੱਟਾ ਦੇ ਰਹੇ ਹਨ,

ਪਰ ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਕਣਕ ਖਰਾਬ ਹੋ ਸਕਦੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇਸਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਗੁੱਲੀ ਡੰਡੇ ਦੇ ਨਾਲ ਨਾਲ ਕਣਕ ਵਿੱਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੀ ਦੇਖਿਆ ਜਾ ਰਿਹਾ ਹੈ। ਕਿਸਾਨ ਵੀਰ ਆਪਣੇ ਖੇਤਾਂ ਵਿੱਚ ਲਗਾਤਾਰ ਇਸਦਾ ਨਿਰੀਖਣ ਵੀ ਕਰਦੇ ਰਹਿਣ। ਜੇਕਰ ਲੋੜ ਪਵੇ ਤਾਂ ਮਾਹਿਰਾਂ ਨਾਲ ਸਮਿਸਆ ਸਾਂਝੀ ਕਰਕੇ ਉਨ੍ਹਾਂ ਦੀ ਸਲਾਹ ਲੈਂਦੇ ਰਹੋ।