ਝੋਨੇ ਵਿੱਚ ਸ਼ੀਥ ਬਲਾਈਟ ਬਿਮਾਰੀ ਨੂੰ ਕਾਬੂ ਕਰਨ ਲਈ ਕਰੋ ਇਸ ਸਪਰੇਅ ਦੀ ਵਰਤੋਂ

ਝੋਨੇ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਹੁੰਦੀ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਕਾਰਨ ਕੋਈ ਬਿਮਾਰੀ ਲੱਗ ਜਾਂਦੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਬਿਮਾਰੀ ਹੈ ਸ਼ੀਥ ਬਲਾਈਟ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਉੱਲੀ ਦੀ ਬਿਮਾਰੀ ਹੈ ਜੋ ਝੋਨੇ ਅਤੇ ਬਾਸਮਤੀ ਦੋਵਾਂ ਉਪਰ ਆਉਂਦੀ ਹੈ ਅਤੇ ਕਿਸਾਨ ਇਸਤੋਂ ਛੁਟਕਾਰਾ ਪਾਉਣ ਲਈ ਕਈ ਸਪਰੇਆਂ ਦਾ ਇਸਤੇਮਾਲ ਕਰਦੇ ਹਨ ਪਰ ਵੀਰ ਵੀ ਇਸਤੋਂ ਛੁਟਕਾਰਾ ਨਹੀਂ ਮਿਲਦਾ।

ਇਹ ਬਿਮਾਰੀ ਆਮ ਤੌਰ ਤੇ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਜਦੋਂ ਫਸਲ ਗੋਭ ਵਿੱਚ ਹੋਵੇ, ਉਦੋਂ ਨਜ਼ਰ ਆਉਂਦੀ ਹੈ। ਇਹ ਉੱਲੀ ਮਿੱਟੀ ਵਿੱਚ ਗੂੜ੍ਹੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਰਾਹੀਂ ਪ੍ਰਵੇਸ਼ ਕਰਦੀ ਹੈ । ਇਹ ਬਿਮਾਰੀ ਬਹੁਤ ਸਾਰੇ ਨਦੀਨਾਂ ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਪੱਲਦੀ ਰਹਿੰਦੀ ਹੈ। ਲੱਛਣਾਂ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਕਾਰਨ ਅਨੁਕੂਲ ਮੌਸਮੀ ਹਾਲਾਤਾਂ ਵਿੱਚ ਬੂਟਿਆਂ ਤੇ ਲੰਬੂਤਰੇ ਹਰੇ ਧੱਬੇ ਨਜ਼ਰ ਆਉਂਦੇ ਹਨ ਜੋ ਕਿ ਇੱਕ ਦੂਜੇ ਨਾਲ ਮਿਲ ਕੇ ਤਣੇ ਦੁਆਲੇ ਸਾਰੀ ਸ਼ੀਥ ਤੇ ਫੈਲ ਜਾਂਦੇ ਹਨ।

ਦੱਸ ਦੇਈਏ ਕਿ ਫਸਲ ਦੇ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤੱਕ ਇਸ ਬਿਮਾਰੀ ਦਾ ਅਸਰ ਜਿਆਦਾ ਹੁੰਦਾ ਹੈ ਅਤੇ ਅਨੁਕੂਲ ਹਾਲਤਾਂ ਵਿੱਚ ਇਹ ਸਾਰੇ ਪੱਤਿਆਂ ਤੇ ਫੈਲ ਜਾਂਦੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਕੇ ਬੂਟੇ ਕਮਜੋਰ ਪੈ ਕੇ ਡਿੱਗ ਪੈਂਦੇ ਹਨ ਜਿਸਦੇ ਨਤੀਜੇ ਵਜੋਂ ਦਾਣੇ ਘੱਟ ਬਣਦੇ ਹਨ ਅਤੇ ਝਾੜ ਬਹੁਤ ਘਟ ਜਾਂਦਾ ਹੈ। ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਕਿਸਾਨਖੇਤ ਦੀਆਂ ਵੱਟਾਂ ਤੋਂ ਖੱਬਲ ਘਾਹ ਅਤੇ ਹੋਰ ਨਦੀਨ ਜਿਨ੍ਹਾਂ ਤੇ ਸਾਰਾ ਸਾਲ ਇਸ ਬਿਮਾਰੀ ਦੀ ਉੱਲੀ ਵੱਧਦੀ-ਫੁੱਲਦੀ ਰਹਿੰਦੀ ਹੈ, ਉਨ੍ਹਾਂ ਨੂੰ ਸਾਫ ਕਰ ਦੇਣ।

ਅਤੇ ਫਸਲ ਉੱਤੇ ਨਾਈਟ੍ਰੋਜਨ ਖਾਦ ਦੀ ਵਰਤੋਂ ਜਰੂਰਤ ਤੋਂ ਜਿਆਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਬੂਟੇ ਨੂੰ ਬਿਮਾਰੀ ਦੀ ਲਾਗ ਲਈ ਅਨੁਕੂਲ ਬਣਾ ਦਿੰਦੀ ਹੈ। ਫਸਲ ਨੂੰ ਸੰਤੁਲਿਤ ਅਤੇ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਜਰੂਰ ਕਰੋ। ਨਾਲ ਹੀ ਕਿਸਾਨ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫਸਲ ਦੀ ਗੋਭ ਸਥਿਤੀ ਵੇਲੇ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ।

ਜੇਕਰ ਫਸਲ ਦੀ ਗੋਭ ਦੀ ਸਥਿਤੀ ਵੇਲੇ ਬਿਮਾਰੀ ਨਜ਼ਰ ਆਉਂਦੀ ਹੈ ਤਾਂ 400 ਮਿਲੀਲੀਟਰ ਗਲੀਲਿਓ ਵੇਅ ਜਾਂ 80 ਗ੍ਰਾਮ ਨਟੀਵੋ ਜਾਂ 200 ਮਿਲੀਲੀਟਰ ਐਮੀਸਟਾਰ ਟੋਪ ਜਾਂ ਟਿਲਟ/ਬੰਪਰ/ਪੀਕਾਪੀਕਾ ਜਾਂ ਫੌਲੀਕਰ/ਉਰੀਅਮ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜੇਕਰ ਲੋੜ ਦਿਖੇ ਤਾਂ 15 ਦਿਨਾਂ ਬਾਅਦ ਫਿਰ ਛਿੜਕਾਅ ਨੂੰ ਦੁਹਰਾਓ। ਉਲੀਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਅਤੇ ਬਿਮਾਰੀ ਦੀ ਰੋਕਥਾਮ ਯਕੀਨੀ ਬਣਾਉਣ ਲਈ ਹਮੇਸ਼ਾ ਛਿੜਕਾਅ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਕਰੋ।