ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਗੜੇਮਾਰੀ ਨਾਲ ਕਣਕਾ ਨੂੰ ਹੋਇਆ ਭਾਰੀ ਨੁਕਸਾਨ

ਫਰਵਰੀ ਦੇ ਪੂਰੇ ਮਹੀਨੇ ਮੌਸਮ ਬਿਲਕੁਲ ਸਾਫ ਰਹਿਣ ਤੋਂ ਬਾਅਦ ਬੀਤੀ ਰਾਤ ਤੋਂ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਕ ਵਾਰ ਫਿਰ ਠੰਡ ‘ਚ ਵਾਧਾ ਹੋ ਗਿਆ ਹੈ। ਰੁਕ–ਰੁਕ ਕੇ ਹੋ ਰਹੀ ਬਾਰਿਸ਼ ਅਤੇ ਥਾਵਾਂ ‘ਤੇ ਹੋਈ ਗੜ੍ਹੇਮਾਰੀ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਪਏ ਭਾਰੀ ਮੀਂਹ ਅਤੇ ਗੜਿਆਂ ਕਾਰਨ ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ਬਰਬਾਦ ਹੋਣ ਦੀਆਂ ਵੀ ਖਬਰਾਂ ਹਨ।

ਨਾਲ ਹੀ ਕਪੂਰਥਲਾ ਜ਼ਿਲ੍ਹੇ ਵਿੱਚ ਵੀ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਨਾਲ ਰੁਕ–ਰੁਕ ਕੇ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਮੀਂਹ ਬਾਰੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੀ ਕਿ ਇਸ ਮੀਂਹ ਅਤੇ ਗੜ੍ਹੇਮਾਰੀ ਦਾ ਕਣਕ ਦੀ ਫ਼ਸਲ ਉੱਤੇ ਕਾਫੀ ਮਾੜਾ ਅਸਰ ਦੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਗੜ੍ਹੇਮਾਰੀ ਅਤੇ ਭਾਰੀ ਮੀਂਹ ਕਾਰਨ ਅੱਜ ਦਿਨ ਵੇਲੇ ਹੀ ਹਨੇਰਾ ਛਾਇਆ ਰਿਹਾ। ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਇਥੇ ਕਈ ਥਾਵਾਂ ‘ਤੇ ਪਾਣੀ ਭਰ ਗਿਆ।

ਇਸ ਮੌਸਮੀ ਤਬਦੀਲੀ ਕਾਰਨ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਆਈ ਹੈ। ਹਾਲਾਂਕਿ ਇਸ ਵੇਲੇ ਦੀ ਠੰਡ ਕਣਕ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਵਧੀਆ ਹੁੰਦੀ ਹੈ। ਪਰ ਜਿਆਦਾਤਰ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਜਿਲ੍ਹੇ ਦੀ ਗੱਲ ਕਰੀਏ ਤਾਂ ਅੱਜ ਇਥੋਂ ਦਾ ਘੱਟੋ–ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ। ਜੋ ਕਿ ਆਮ ਨਾਲੋਂ 5 ਡਿਗਰੀ ਘੱਟ ਹੈ।

ਅੰਮ੍ਰਿਤਸਰ ਵਿੱਚ ਅੱਜ 16.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਿਸ ਕਾਰਨ ਅੰਮ੍ਰਿਤਸਰ ਜਿਲ੍ਹੇ ਦੇ ਬਹੁਗਿਣਤੀ ਪਿੰਡਾਂ ਵਿੱਚ ਕਣਕ ਦੀ ਫ਼ਸਲ ਬਰਬਾਦ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਨਾਲ ਹੀ ਬਿਆਸ ਦਰਿਆ ਨੇ ਵੀ ਇਨ੍ਹਾਂ ਇਲਾਕਿਆਂ ਵਿੱਚ ਬਹੁਤ ਤਬਾਹੀ ਮਚਾਈ ਹੈ। ਫਸਲਾਂ ਬਰਬਾਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੇਲਣਾ ਪਿਆ ਹੈ।