ਪੈਟਰੋਲ 2.69 ਰੁਪਏ ਸਸਤਾ ਹੋਇਆ, ਡੀਜ਼ਲ ਦੇ ਭਾਅ ਵਿੱਚ ਵੀ ਆਈ ਏਨੀ ਕਮੀ

ਲੋਕ ਅਕਸਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਪਰ ਹੁਣ ਆਮ ਲੋਕਾਂ ਨੂੰ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਮਿਲ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਕਾਰਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਸਸਤੇ ਹੋ ਰਹੇ ਹਨ। ਅੱਜ ਯਾਨੀ 11 ਮਾਰਚ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। ਪੈਟਰੋਲ ਦੀ ਗੱਲ ਕਰੀਏ ਤਾਂ ਅਜੇ ਪੈਟਰੋਲ 2 ਰੁਪਏ 69 ਪੈਸੇ ਸਸਤਾ ਹੋ ਕੇ 70.20 ਰੁਪਏ ਪ੍ਰਤੀ ਲੀਟਰ ਤੇ ਆ ਗਿਆ ਹੈ। ਇਸੇ ਤਰਾਂ ਡੀਜ਼ਲ ਵੀ 2.33 ਰੁਪਏ ਘਟ ਕੇ 63.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਸਾਉਦੀ ਅਰਬ ਅਤੇ ਰੂਸ ਵਿਚ ਤੇਲ ਦੀ ਕੀਮਤ ‘ਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੋਮਵਾਰ ਨੂੰ ਅੰਤਰਰਾਸ਼ਟਰੀ ਫਿਚਰਜ਼ ਮਾਰਕੀਟ ਵਿਚ ਕੱਚੇ ਤੇਲ ਦੀ ਕੀਮਤ 31 ਪ੍ਰਤੀਸ਼ਤ ਤੱਕ ਟੁੱਟ ਗਈ ਸੀ। ਕੱਚੇ ਤੇਲ ਦੀ ਕੀਮਤ ਡਿੱਗਣ ਨਾਲ ਭਾਰਤ ਨੂੰ ਵਿੱਤੀ ਤੌਰ ‘ਤੇ ਲਾਭ ਹੋ ਸਕਦਾ ਹੈ, ਕਿਉਂਕਿ ਭਾਰਤ ਦੀ ਨਿਰਭਰਤਾ ਬਹੁਤ ਹੱਦ ਤੱਕ ਪੈਟਰੋਲੀਅਮ ਬਾਲਣ ਦੀ ਦਰਾਮਦ’ ‘ਤੇ ਹੈ।

ਅੰਤਰਰਾਸ਼ਟਰੀ ਬਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਦੇਸ਼ ਦੇ ਆਯਾਤ ਬਿੱਲ ਵਿੱਚ ਵੀ ਘਾਟ ਆਏਗੀ ਅਤੇ ਪ੍ਰਚੂਨ ਦੀਆਂ ਕੀਮਤਾਂ ਵੀ ਘਟਣਗੀਆਂ। ਇਸਦਾ ਲਾਭ ਵੱਖ-ਵੱਖ ਸੈਕਟਰਾਂ ਲਈ ਘੱਟ ਲਾਗਤ ਦੇ ਰੂਪ ਵਿੱਚ ਮਿਲੇਗਾ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਕੁਝ ਸਮਰਥਨ ਮਿਲੇਗਾ। ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਬਹੁਤ ਸਾਰੇ ਖੇਤਰਾਂ ਲਈ ਕੱਚੇ ਮਾਲ ਦੀ ਕੀਮਤ ਘਟ ਜਾਵੇਗੀ।

ਪਬਲਿਕ ਸੈਕਟਰ ਦੀਆਂ ਕੰਪਨੀਆਂ ਦੁਆਰਾ ਬੁਧਵਾਰ ਨੂੰ ਜਾਰੀ ਕੀਤੀ ਗਈ ਕੀਮਤ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 70.20 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਬਜਾਰ ਵਿੱਚ ਕੱਚੇ ਤੇਲ ਦੀ ਕੀਮਤ ਇਕ ਡਾਲਰ ਘਟਣ ਨਾਲ ਹੀ ਭਾਰਤ ਦਾ ਆਯਾਤ ਬਿੱਲ 2,936 ਕਰੋੜ ਰੁਪਏ ਘੱਟ ਹੋਇਆ ਹੈ। ਇਸੇ ਤਰ੍ਹਾਂ ਡਾਲਰ ਦੇ ਮੁਕਾਬਲੇ ਇਕ ਰੁਪਿਆ ਪ੍ਰਤੀ ਡਾਲਰ ਦੀ ਤਬਦੀਲੀ ਨਾਲ ਭਾਰਤ ਦੇ ਆਯਾਤ ਬਿੱਲ ‘ਤੇ 2,729 ਕਰੋੜ ਰੁਪਏ ਦਾ ਅੰਤਰ ਆ ਜਾਂਦਾ ਹੈ।