ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਕਿਸਾਨ ਜਰੂਰ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

ਕਿਸਾਨਾਂ ਨੂੰ ਕਣਕ ਦੇ ਪੀਲਾ ਪੈਣ ਕਾਰਨ ਹੁਣ ਪੀਲੀ ਕੁੰਗੀ ਦਾ ਡਰ ਸਤਾਉਣ ਲੱਗਾ ਹੈ, ਇਸੇ ਲਈ ਹੁਣ ਪੀਲੀ ਕੂੰਗੀ ਦੀ ਰੋਕਥਾਮ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਮਹਿਕਮੇਂ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸੁਚੇਤ ਕਰਨ ਲਈ ਅਤੇ ਪਿੰਡਾਂ ਦਾ ਵਿਆਪਕ ਦੌਰਾ ਕਰਨ ਲਈ ਕਿਹਾ ਗਿਆ ਹੈ।

ਖੇਤੀਬਾੜੀ ਅਫਸਰ ਡਾ.ਨਾਜਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਉਦੋਂ ਹੀ ਸਪਰੇਅ ਕਰਨ ਜਦੋਂ ਕਿ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੀ ਬਿਮਾਰੀ ਨਜ਼ਰ ਆਉਣ ਲੱਗੇ, ਉਸਤੋਂ ਪਹਿਲਾਂ ਕਿਸਾਨ ਬਿਲਕੁਲ ਕੀਟਨਾਸ਼ਕ ਦੀ ਵਰਤੋਂ ਨਾ ਕਰਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਸਮੂਹ ਤਕਨੀਕੀ ਸਟਾਫ ਨੂੰ ਛੁੱਟੀ ਵਾਲੇ ਦਿਨਾਂ ‘ਚ ਵੀ ਕਿਸਾਨਾਂ ਵਾਸਤੇ ਉਪਲੱਬਧ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਜਲੰਧਰ ਵਿਚ ਜਿਲਾ ਪੱਧਰ ‘ਤੇ ਵੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਪੀਲੀ ਕੁੰਗੀ ਸਬੰਧੀ ਹੋਰ ਜਿਆਦਾ ਜਾਣਕਾਰੀ ਚਾਹੁੰਦੇ ਹਨ ਤਾਂ ਉਹ ਆਪਣੇ ਹਲਕੇ ਦੇ ਖੇਤੀਬਾੜੀ ਤਕਨੀਕੀ ਸਟਾਫ ਨਾਲ ਸੰਪਰਕ ਕਰ ਸਕਦੇ ਹਨ। ਡਾ. ਨਾਜਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਹਰ ਰੋਜ਼ ਆਪਣੇ ਖੇਤਾਂ ਦਾ ਨਿਰੀਖਣ ਅਤੇ ਸਰਵੇਅ ਕਰਦੇ ਰਹਿਣ ਅਤੇ ਸਿਰਫ ਬਿਮਾਰੀ ਦੇ ਲੱਛਣ ਨਜ਼ਰ ਆਉਣ ‘ਤੇ ਹੀ ਸਿਫਾਰਿਸ਼ ਕੀਤੀ ਗਈ ਦਵਾਈ ਦਾ ਇਸਤੇਮਾਲ ਕਰਨ।

ਉਨ੍ਹਾਂ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਬਿਮਾਰੀ ਦੇ ਜੀਵਾਣੂ ਪਹਾੜੀ ਇਲਾਕੇ ਤੋਂ ਹਵਾ ਰਾਹੀਂ ਕਣਕ ਦੀ ਫਸਲ ‘ਤੇ ਹਮਲਾ ਕਰਦੇ ਹਨ ਅਤੇ ਹਵਾ ਆਦਿ ਰਾਹੀਂ ਹੀ ਇਸ ਬਿਮਾਰੀ ਦੇ ਜੀਵਾਣੂ ਕਣਕ ਦੇ ਖੇਤਾਂ ‘ਚ ਬੀਮਾਰੀ ਫੈਲਾਉਂਦੇ ਹਨ। ਇਸ ਲਈ ਕਿਸਾਨਾਂ ਨੂੰ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਰਾਤ ਵੇਲੇ 7 ਤੋਂ 13 ਡਿਗਰੀ ਅਤੇ ਦਿਨ ਨੂੰ 15 ਤੋਂ 24 ਡਿਗਰੀ ਸੈਂਟੀਗ੍ਰੇਡ ਤੱਕ ਦਾ ਤਾਪਮਾਨ ਕਣਕ ਦੀ ਫਸਲ ‘ਤੇ ਪੀਲੀ ਕੁੰਗੀ ਦੇ ਹਮਲੇ ਲਈ ਅਨੁਕੂਲ ਤਾਪਮਾਨ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬਿਮਾਰੀ ਦੇ ਚਿੰਨ ਨਜ਼ਰ ਆਉਣ ਤਾਂ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਹਿਕਮਾ ਖੇਤੀਬਾੜੀ ਦੇ ਧਿਆਨ ‘ਚ ਲਿਆਉਂਦੇ ਹੋਏ ਅਤੇ ਨਾਲ ਹੀ ਖੇਤੀ ਮਾਹਿਰਾਂ ਦੀ ਸਲਾਹ ਨਾਲ ਟਿਲੱਟ 25 ਈ.ਸੀ/ਸ਼ਾਇਨ 25 ਈ.ਸੀ 200 ਗ੍ਰਾਮ ਦਾ ਨਟੀਵੋ 75 ਡਬਲਿਯੂ.ਜੀ. 120 ਗ੍ਰਾਮ ਦਵਾਈ ਖੇਤੀ ਏਕੜ 200 ਲਿਟਰ ਪਾਣੀ ‘ਚ ਘੋਲ ਕੇ ਸਪਰੇਅ ਕਰਨ।