ਜਾਣੋ ਕਿਵੇਂ ਸ਼੍ਰੀਲੰਕਾ ਦੀ ਬਦਹਾਲੀ ਵਾਸਤੇ ਆਰਗੈਨਿਕ ਖੇਤੀ ਵੀ ਹੈ ਜਿੰਮੇਵਾਰ

ਇਸ ਸਮੇਂ ਸ਼੍ਰੀਲੰਕਾ ਦੀ ਸਥਿਤੀ ਤੋਂ ਹਰ ਕੋਈ ਚੰਗੀ ਤਰ੍ਹਾਂ ਜਾਣੂ ਹੈ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਭੱਜਣ ਤੋਂ ਬਾਅਦ ਸ਼੍ਰੀਲੰਕਾ ਵਿੱਚ ਰਾਜਨੀਤਿਕ ਸੰਕਟ ਵਿਗੜਦਾ ਜਾ ਰਿਹਾ ਹੈ। ਵਿਗੜਦੀ ਆਰਥਿਕ ਹਾਲਤ ਵਿੱਚ ਜੈਵਿਕ ਖੇਤੀ ਨੇ ਵੀ ਭੂਮਿਕਾ ਨਿਭਾਈ ਹੈ ਜਿਸ ਨੇ ਸ਼੍ਰੀਲੰਕਾ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਆਰਗੈਨਿਕ ਖੇਤੀ ਬਹੁਤ ਵਧੀਆ ਖੇਤੀ ਹੈ। ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਪੈਂਦਾ ਹੈ, ਨਹੀਂ ਤਾਂ ਫਾਇਦੇ ਦੀ ਬਜਾਏ ਉਲਟਾ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਅਜਿਹਾ ਹੀ ਕੁਝ ਸ੍ਰੀਲੰਕਾ ਵਿੱਚ ਹੋਇਆ ਹੈ। ਜਿੱਥੇ ਜੈਵਿਕ ਖੇਤੀ ਵੀ ਵਿਗੜਦੀ ਆਰਥਿਕ ਸਥਿਤੀ ਦਾ ਕਾਰਨ ਬਣ ਗਈ ਹੈ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੇ ਪਿਛਲੇ ਸਾਲ ਦੇਸ਼ ਵਿੱਚ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸਾਰੇ ਰਸਾਇਣਾਂ ਦੀ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਕਾਰਨ 20 ਲੱਖ ਤੋਂ ਵੱਧ ਕਿਸਾਨ ਪ੍ਰਭਾਵਿਤ ਹੋਏ ਅਤੇ ਉਹ ਜੈਵਿਕ ਖੇਤੀ ਵੱਲ ਮੁੜ ਗਏ। ਉਸ ਤੋਂ ਬਾਅਦ ਸਰਕਾਰ ਕੀਟਨਾਸ਼ਕਾਂ ਅਤੇ ਖਾਦਾਂ ਦਾ ਘਰੇਲੂ ਉਤਪਾਦਨ ਨਹੀਂ ਵਧਾ ਸਕੀ।

ਇਸ ਤਬਦੀਲੀ ਕਾਰਨ ਸ਼੍ਰੀਲੰਕਾ ਦੀ ਮੁੱਖ ਫ਼ਸਲ ਚੌਲਾਂ ਦਾ ਉਤਪਾਦਨ 30 ਫ਼ੀਸਦੀ ਘਟ ਗਿਆ ਅਤੇ ਚਾਹ ਦਾ ਉਤਪਾਦਨ ਵੀ 18 ਫ਼ੀਸਦੀ ਘਟ ਗਿਆ। ਇਸ ਜਲਦਬਾਜ਼ੀ ਦੇ ਫੈਸਲੇ ਨੇ ਜੈਵਿਕ ਖੇਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਹੁਣ ਜੈਵਿਕ ਖੇਤੀ ਦੇ ਆਲੋਚਕ ਸ਼੍ਰੀਲੰਕਾ ਦੀ ਦੁਰਦਸ਼ਾ ਦੀ ਉਦਾਹਰਣ ਦੇਕੇ ਆਰਗੈਨਿਕ ਖੇਤੀ ਨੂੰ ਮਾੜਾ ਦੱਸ ਰਹੇ ਹਨ।

ਸ੍ਰੀਲੰਕਾ ਦੇ ਇੱਕ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਖੇਤੀ ਰਸਾਇਣਾਂ ਦੇ ਜੈਵਿਕ ਵਿਕਲਪਾਂ ਦੀ ਸਪਲਾਈ ਪੂਰੀ ਨਹੀਂ ਹੋ ਸਕੀ, ਜਿਸ ਕਾਰਨ ਸਥਿਤੀ ਇੰਨੀ ਵਿਗੜ ਗਈ ਹੈ। ਹਾਲਾਂਕਿ, ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਖਾਦ ਪਾਬੰਦੀ ਕਾਰਨ ਹੋਏ ਨੁਕਸਾਨ ਲਈ ਜੈਵਿਕ ਖੇਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਗਲਤ ਤਰੀਕੇ ਨਾਲ ਇਸ ਨੀਤੀ ਨੂੰ ਲਾਗੂ ਕਰਨ ਦੇ ਕਾਰਨ ਇਹ ਸਥਿਤੀ ਬਣੀ ਹੈ।