ਕਿਸਾਨਾਂ ਲਈ ਵੱਡਾ ਝਟਕਾ, ਇਕ ਵਾਰ ਫੇਰ ਫਿਰਿਆ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ

ਮਹਾਮਾਰੀ ਅਤੇ ਮੰਦੀ ਦੇ ਇਸ ਦੌਰ ਵਿਚ ਕਿਸਾਨਾਂ ਨੂੰ ਹਰ ਪਾਸਿਓਂ ਮਾਰ ਪੈ ਰਹੀ ਹੈ। ਹੁਣ ਇੱਕ ਵਾਰ ਫਿਰ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਵੱਡਾ ਘਾਟਾ ਹੋ ਰਿਹਾ ਹੈ। ਦਰਅਸਲ ਕਰੀਬ ਪੰਜ ਮਹੀਨੇ ਪਹਿਲਾਂ ਥੋਕ ਵਿੱਚ 100 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਹੁਣ ਸਿਰਫ 2 ਰੁਪਏ ਤੋਂ ਲੈ ਕੇ 6 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ ਜਿਸ ਕਾਰਨ ਪਿਆਜ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਹੈ।

ਕਿਸਾਨ ਪਿਆਜ ਇਸ ਕਾਰਨ ਬੀਜਦੇ ਹਨ ਕਿਉਂਕਿ ਪਿਆਜ ਦੀ ਕੀਮਤ ਜਿਆਦਾਤਰ ਵਧੀਆ ਮਿਲਦੀ ਹੈ ਪਰ ਇਸ ਦੌਰ ਵਿਚ ਕੀਮਤਾਂ ਇੰਨੀਆਂ ਘੱਟ ਗਈਆਂ ਹਨ ਕਿ ਕਿਸਾਨੀ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਲਗਭਗ 10 ਵਿੱਘੇ ਜਮੀਨ ਵਿੱਚ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਾਗਤ ਲਗਭਗ 2 ਲੱਖ ਆਈ ਸੀ। ਪਰ ਪਹਿਲਾਂ ਫਸਲ ਗੜੇ ਪੈਣ ਕਾਰਨ ਬਰਬਾਦ ਹੋ ਗਈ ਸੀ ਅਤੇ ਹੁਣ ਜਦੋਂ ਦਾ ਪੂਰੇ ਦੇਸ਼ ਵਿਚ ਲੌਕਡਾਊਨ ਲਾਗੂ ਹੋਇਆ ਹੈ, ਪਿਆਜ ਦੀਆਂ ਕੀਮਤਾਂ ਲਗਾਤਾਰ ਘਟੀਆਂ ਹਨ।

ਕਿਸਾਨਾਂ ਦੇ ਅਨੁਸਾਰ ਇੱਕ ਵਿੱਘੇ ਵਿੱਚ ਪਿਆਜ਼ ਦੀ ਖੇਤੀ ਲਈ ਖਾਦ, ਡੀਏਪੀ, ਕੀਟਨਾਸ਼ਕਾਂ, ਮਜਦੂਰਾਂ, ਮੰਡੀ, ਸਮੇਤ ਸਾਰਾ ਖਰਚਾ ਲਗਭਗ 51,000 ਰੁਪਏ ਆਉਂਦਾ ਹੈ। ਪਿਆਜ ਦਾ ਉਤਪਾਦਨ ਲਗਭਗ 150 ਥੈਲੇ ਪ੍ਰਤੀ ਬਿੱਘਾ ਹੁੰਦਾ ਹੈ ਅਤੇ ਜੇਕਰ ਇਸਦੀ 5 ਰੁਪਏ ਪ੍ਰਤੀ ਕਿੱਲੋ ਕੀਮਤ ਮੰਨੀ ਜਾਵੇ ਤਾਂ ਵੀ ਲਗਭਗ 45,000 ਰੁਪਏ ਦਾ ਪਿਆਜ ਇੱਕ ਬਿਘੇ ਵਿਚ ਹੁੰਦਾ ਹੈ, ਯਾਨੀ ਕਿ ਲਾਗਤ ਨਾਲੋਂ ਵੀ 6000 ਘੱਟ।

ਹੁਣ ਕੀਮਤਾਂ ਇਨੀਆਂ ਜਿਆਦਾ ਡਿੱਗਣ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸਮਰਥਨ ਮੁੱਲ ‘ਤੇ ਪਿਆਜ਼ ਖਰੀਦੇ। ਸਮਰਥਨ ਮੁੱਲ ਘੱਟੋਂ ਘੱਟ 8-10 ਰੁਪਏ ਰੱਖਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਝ ਬੱਚਤ ਹੋ ਸਕੇ। ਹਾਲਾਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਜਲਦ ਹੀ ਵਿਚੋਲਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਸਿੱਧਾ ਕਿਸਾਨਾਂ ਤੋਂ 4-25 ਰੁਪਏ ਕਿੱਲੋ ਪਿਆਜ ਖਰੀਦਿਆ ਜਾਵੇਗਾ।