ਆ ਗਈ ਨਵੀਂ ਤਕਨੀਕ, ਹੁਣ ਪਾਣੀ ਨਾਲ ਚੱਲਣਗੇ ਟਰੈਕਟਰ

ਕਿਸਾਨਾਂ ਨੂੰ ਖੇਤੀ ਵਿੱਚ ਟ੍ਰੈਕਟਰ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੁੰਦਾ ਹੈ, ਕਿਉਂਕਿ ਟ੍ਰੈਕਟਰ ਦੀ ਮਦਦ ਨਾਲ ਕਿਸਾਨ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕਰ ਸਕਦੇ ਹਨ ਅਤੇ ਲੇਬਰ ਦਾ ਵੀ ਕਾਫੀ ਖਰਚ ਬਚਦਾ ਹੈ। ਪਰ ਸਮੱਸਿਆ ਇਹ ਹੈ ਕਿ ਟ੍ਰੈਕਟਰ ਖੇਤਾਂ ਵਿੱਚ ਡੀਜ਼ਲ ਦੀ ਖਪਤ ਬਹੁਤ ਜਿਆਦਾ ਕਰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਡੀਜ਼ਲ ਉੱਤੇ ਕਾਫੀ ਪੈਸੇ ਖਰਚ ਕਰਨੇ ਪੈਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਜਲਦ ਹੀ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਜੇਕਰ ਤੁਹਨੂੰ ਕੋਈ ਕਹੇ ਕਿ ਆਉਣ ਵਾਲੇ ਸਮੇਂ ਵਿੱਚ ਟਰੈਕਟਰ ਨੂੰ ਡੀਜ਼ਲ ਦੀ ਜਗ੍ਹਾ ਪਾਣੀ ਨਾਲ ਚਲਾਇਆ ਜਾ ਸਕੇਗਾ ਤਾਂ ਤੁਸੀਂ ਇਸ ਗੱਲ ਤੇ ਬਿਲਕੁਲ ਯਕੀਨ ਨਹੀਂ ਕਰੋਗੇ। ਕਿਉਂਕਿ ਅਸੀਂ ਸੋਚਦੇ ਹਾਂ ਕਿ ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕਦਾ। ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਅਜਿਹਾ ਹੋ ਸਕਦਾ ਹੈ। ਕੁਝ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਭਵਿੱਖ ਵਿੱਚ ਟ੍ਰੈਕਟਰ ਨੂੰ ਡੀਜ਼ਲ ਦੀ ਬਜਾਏ ਪਾਣੀ ਪਾ ਕੇ ਚਲਾਇਆ ਜਾ ਸਕੇਗਾ।

ਦਰਅਸਲ ਗੁਜਰਾਤ ਦੇ ਵਿਗਿਆਨੀ ਅਤੇ ਜਿਮਪੇਕਸ ਬਾਇਓ ਟੈਕਨੋਲਾਜੀ ਦੇ ਮਾਹਿਰ ਜੈ ਸਿੰਘ ਦੁਆਰਾ ਟਰੈਕਟਰਾਂ ਲਈ ਇੱਕ ਕਿੱਟ ਤਿਆਰ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੁਆਰਾ ਇਆ ਕਿੱਟ ਨੂੰ ਅਗਲੇ ਮਹੀਨੇ ਯਾਨੀ ਕਿ ਫਰਵਰੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਂਚ ਕੀਤਾ ਜਾਵੇਗਾ। ਹਰ ਕਿਸਾਨ ਇਸ ਕਿੱਟ ਨੂੰ ਆਪਣੇ ਟ੍ਰੈਕਟਰ ਉੱਤੇ ਲਗਾ ਸਕੇਗਾ ਅਤੇ ਇਸਨੂੰ ਲਗਾਉਣ ਤੋਂ ਬਾਅਦ ਟ੍ਰੈਕਟਰ ਨੂੰ ਪਾਣੀ ਨਾਲ ਚਲਾਇਆ ਜਾ ਸਕੇਗਾ ਜਿਸ ਨਾਲ ਖੇਤੀ ਦਾ ਖ਼ਰਚਾ ਵੀ ਘਟੇਗਾ ਅਤੇ ਨਾਲ ਹੀ ਹਵਾ ਪ੍ਰਦੂਸ਼ਣ ਉੱਤੇ ਵੀ ਰੋਕ ਲੱਗ ਸਕੇਗੀ।

ਵਿਗਿਆਨੀ ਜੈ ਸਿੰਘ ਦਾ ਕਹਿਣਾ ਹੈ ਕਿ ਇਸ ਕਿੱਟ ਨੂੰ 35 HP ਤੋਂ ਲੈ ਕੇ 90 HP ਤੱਕ ਦੇ ਕਿਸੇ ਵੀ ਟਰੈਕਟਰ ‘ਤੇ ਲਗਾਇਆ ਜਾ ਸਕੇਗਾ। ਕਿਸਾਨ ਆਪਣੇ ਕਿਸੇ ਵੀ ਪੁਰਾਣੇ ਡੀਜ਼ਲ ਇੰਜਨ ਵਾਲੇ ਟ੍ਰੈਕਟਰ ਤੇ ਨਾਲ ਵੀ ਇਹ ਕਿੱਟ ਲਾ ਸਕਦੇ ਹਨ। ਇਸ ਕਿੱਟ ਨੂੰ ਲਗਾਉਣ ਤੋਂ ਬਾਅਦ ਇੱਕ ਪਾਈਪ ਰਾਹੀਂ ਟ੍ਰੈਕਟਰ ਦੇ ਇੰਜਨ ਵਿੱਚ ਹਾਈਡਰੋਜਨ ਫਿਊਲ ਜਾਵੇਗਾ, ਜਿਸ ਨਾਲ ਇੰਜਨ ‘ਚ ਦੂਸਰੇ ਫਿਊਲ ਦੀ ਖ਼ਪਤ ਵੀ ਘਟੇਗੀ ਅਤੇ ਇੰਜਨ ਨੂੰ ਜ਼ਿਆਦਾ ਤਾਕਤ ਮਿਲੇਗੀ।

ਦੱਸ ਦੇਈਏ ਕਿ ਇਹ ਕਿੱਟ ਐੱਚ 2 ਫੀਊਲ ਸੈੱਲ ਹਾਈਬ੍ਰਿਡ ਸਿਸਟਮ ਨਾਲ ਬਣੀ ਹੈ। ਇਸ ਟੈਕਨੋਲਾਜੀ ਦੀ ਮਦਦ ਨਾਲ ਕਿਸਾਨਾਂ ਦਾ ਤੇਲ ਦਾ ਖਰਚਾ ਵੀ ਬਚੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਇਸ ਦੇ ਹੋਰ ਵੀ ਕਈ ਫਾਇਦੇ ਹੋਣਗੇ। ਕੰਪਨੀ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਸ ਤਕਨੀਕ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ‘ਚ ਵਰਤਿਆ ਜਾਵੇਗਾ ਅਤੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ।