ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ, ਪੰਜਾਬ ਵਿੱਚ ਇਸ ਤਰੀਕ ਨੂੰ ਪਹੁੰਚੇਗਾ ਮਾਨਸੂਨ

ਇਸ ਸਮੇਂ ਜਿਆਦਾਤਰ ਸੂਬਿਆਂ ਵਿੱਚ ਅੱਗ ਵਰ੍ਹ ਰਹੀ ਹੈ ਅਤੇ ਲੋਕ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਮੀਂਹ ਦਾ ਇੰਤਜਾਰ ਕਰ ਰਹੇ ਹਨ। ਹੁਣ ਜਲਦੀ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ।

ਭਾਰਤੀ ਮੌਸਮ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਮਾਨਸੂਨ ਭਾਰਤ ਦੀ ਮੁੱਖ ਭੂਮੀ ਵਿੱਚ ਕਦੋਂ ਦਾਖਲ ਹੋ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ 31 ਮਈ ਨੂੰ ਕੇਰਲ ਵਿੱਚ ਦਾਖ਼ਲ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ±4 ਦਿਨ ਯਾਨੀ ਚਾਰ ਦਿਨ ਅੱਗੇ-ਪਿੱਛੇ ਮੀਂਹ ਪੈ ਸਕਦਾ ਹੈ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਮਾਨਸੂਨ 19 ਮਈ (± 4 ਦਿਨ) ਦੇ ਆਸਪਾਸ ਅੰਡੇਮਾਨ ਸਾਗਰ ਵਿੱਚ ਦਾਖਲ ਹੋਵੇਗਾ।

ਆਓ ਜਾਣਦੇ ਹਾਂ ਮਾਨਸੂਨ ਦਾ ਸਮਾਂ ਕੀ ਹੈ, ਇਸ ਦੇ ਕੀ ਕਾਰਨ ਹਨ ਅਤੇ ਇਸ ਸਾਲ ਮਾਨਸੂਨ ਕਿਵੇਂ ਰਹੇਗਾ।

ਪੰਜਾਬ-ਹਰਿਆਣਾ ‘ਚ ਕਦੋਂ ਦਾਖ਼ਲ ਹੋਵੇਗੀ

ਪੰਜਾਬ-ਹਰਿਆਣਾ ਤੱਕ ਮੌਨਸੂਨ ਦੇ 19-20 ਜੂਨ ਦੇ ਆਸ-ਪਾਸ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ 3-4 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ।

ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ ਕਵਰ ਹੋ ਜਾਵੇਗਾ।

ਪੰਜਾਬ ਵਿੱਚ ਝੋਨੇ ਦੀ ਲੁਆਈ ਲਈ ਮਾਨਸੂਨ ਦੀ ਸਖ਼ਤ ਜਰੂਰਤ ਹੁੰਦੀ ਹੈ। ਪਹਿਲਾਂ ਝੋਨਾ ਜੂਨ ਦੇ ਪਹਿਲੇ ਹਫ਼ਤੇ ਲੱਗਣਾ ਸ਼ੁਰੂ ਹੋ ਜਾਂਦਾ ਸੀ ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਮਾਨਸੂਨ ਦੇ ਦਿਨਾਂ ਨੂੰ ਦੇਖਦਿਆਂ ਇਸ ਨੂੰ 15 ਜੂਨ ਕਰ ਦਿੱਤਾ ਸੀ।

ਜੇਕਰ ਝੋਨਾ 15 ਜੂਨ ਤੋਂਂ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਆਸ ਕਰਨੀ ਬਣਦੀ ਹੈ ਕਿ 20 ਜੂਨ ਦੇ ਆਸਪਾਸ ਬਰਸਾਤ ਸ਼ੁਰੂ ਹੋ ਜਾਵੇਗੀ।