ਪਿਛਲੇ ਸਾਲ ਨਾਲੋਂ ਇਸ ਸਾਲ ਏਨੇ ਕੁਇੰਟਲ ਘਟੇ ਕਣਕ ਦਾ ਝਾੜ

ਪੰਜਾਬ ‘ਚ ਇਸ ਵਾਰ ਕਣਕ ਦਾ ਝਾੜ ਘਟਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ | ਇਸ ਦਾ ਮੁੱਖ ਕਾਰਨ ਮੀਂਹ ਦਾ ਨਾ ਪੈਣਾ ਅਤੇ ਤਾਪਮਾਨ ਗਰਮ ਰਹਿਣਾ ਦੱਸਿਆ ਜਾ ਰਿਹਾ ਹੈ | ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਏਕੜ 4 ਕੁਇੰਟਲ ਝਾੜ ਘੱਟ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ 8 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਏਕੜ ਨੁਕਸਾਨ ਸਹਿਣਾ ਪੈ ਰਿਹਾ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਕਣਕ ਦੀ ਫ਼ਸਲ ਪੱਕਣ ਲਈ ਲਗਾਤਾਰ ਨਹਿਰੀ ਪਾਣੀ ਮਿਲਣ ਤੋਂ ਇਲਾਵਾ ਮੀਂਹ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਫ਼ਸਲ ਨੂੰ ਇਕਸਾਰ ਪਾਣੀ ਮਿਲ ਸਕੇ ਪਰ ਇਸ ਵਾਰ ਮੀਂਹ ਬਿਲਕੁਲ ਹੀ ਨਹੀਂ ਪਏ ਜਿਸ ਕਾਰਨ ਤਾਪਮਾਨ ‘ਚ ਵਾਧਾ ਦਰਜ ਹੋਇਆ | ਜੇਕਰ ਕਿਤੇ ਕਿਣਮਿਣ ਹੋਈ ਵੀ ਤਾਂ ਉਸ ਦਾ ਬਹੁਤ ਅਸਰ ਨਹੀਂ ਹੋਇਆ | ਤਾਪਮਾਨ ਗਰਮ ਰਹਿਣ ਕਰਕੇ ਕਣਕ ਦਾ ਦਾਣਾ ਛੋਟਾ ਤੇ ਕਮਜ਼ੋਰ ਰਿਹਾ |

ਇਸ ਤੋਂ ਇਲਾਵਾ ਜਦੋਂ ਕਣਕ ਦੀ ਫ਼ਸਲ ਪੱਕਣ ‘ਤੇ ਆਈ ਤਾਂ ਮੌਸਮ ਬੇਈਮਾਨ ਹੋ ਗਿਆ | ਤੇਜ਼ ਹਵਾਵਾਂ ਤੇ ਝੱਖੜ ਨਾਲ ਵੀ ਕਣਕ ਦਾ ਨੁਕਸਾਨ ਹੋ ਗਿਆ | ਹੁਣ ਜਦੋਂ ਕਿਸਾਨ ਮੰਡੀਆਂ ਵਿਚ ਕਣਕ ਲੈ ਕੇ ਆਉਂਦੇ ਹਨ ਤਾਂ ਘੱਟ ਝਾੜ ਵੇਖ ਕੇ ਨਿਰਾਸ਼ਾ ਦੇ ਆਲਮ ‘ਚ ਡੁੱਬ ਜਾਂਦੇ ਹਨ |

ਪਿਛਲੇ ਸਾਲ ਝੋਨੇ ਵਾਲੀਆਂ ਜ਼ਮੀਨਾਂ ਵਿਚ 60 ਤੋਂ 65 ਮਣ ਅਤੇ ਨਰਮੇ ਵਾਲੀਆਂ ਜ਼ਮੀਨਾਂ ਵਿਚ 50 ਤੋਂ 55 ਮਣ ਹੀ ਹੈ ਜੋ ਔਸਤ 52 ਮਣ ਸੀ | ਜਦਕਿ ਇਸ ਵਾਰ ਸਾਲ ਝੋਨੇ ਵਾਲੀਆਂ ਜ਼ਮੀਨਾਂ ਵਿਚ 50 ਤੋਂ 55 ਮਣ ਅਤੇ ਨਰਮੇ ਵਾਲੀਆਂ ਜ਼ਮੀਨਾਂ ਵਿਚ 40 ਤੋਂ 45 ਮਣ ਹੀ ਹੈ ਜੋ ਔਸਤ 46 ਮਣ ਬਣਦੀ ਹੈ |

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਂਹ ਦੀ ਕਮੀ ਅਤੇ ਗਰਮੀ ਦਾ ਅਸਰ ਜ਼ਰੂਰ ਕਣਕ ਦੀ ਫ਼ਸਲ ‘ਤੇ ਵੇਖਣ ਨੂੰ ਮਿਲ ਰਿਹਾ ਹੈ ਪਰ ਕਿੰਨਾ ਪਿਆ ਹੈ ਇਸ ਦਾ ਅਨੁਮਾਨ ਜ਼ਿਲਿ੍ਹਆਂ ‘ਚੋਂ ਰਿਪੋਰਟਾਂ ਮਿਲਣ ਤੋਂ ਬਾਅਦ ਹੀ ਲੱਗ ਸਕੇਗਾ |

ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਿੰਚਾਈ ਵਿਭਾਗ ਨੂੰ ਨਹਿਰਾਂ ‘ਚ ਲਗਾਤਾਰ ਪਾਣੀ ਛੱਡਣ ਦੀ ਅਪੀਲ ਕੀਤੀ ਗਈ ਸੀ, ਜਿਸ ਦਾ ਹਾਂ ਪੱਖੀ ਅਸਰ ਵੇਖਣ ਨੂੰ ਮਿਲਿਆ |

ਦੂਸਰੇ ਪਾਸੇ ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਖੇਤੀਬਾੜੀ ਘਾਟੇ ਦਾ ਧੰਦਾ ਬਣਦਾ ਜਾ ਰਿਹਾ ਹੈ ਉਪਰੋਂ ਮੌਸਮ ਦੀ ਕਰੋਪੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਾਟੇ ਦੀ ਭਰਪਾਈ ਲਈ ਆਰਥਿਕ ਮਦਦ ਕੀਤੀ ਜਾਵੇ |