ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ, ਜਾਣੋ ਕਾਰਨ

ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ 1000 ਕਿਲੋਮੀਟਰ ਲੰਬਾਈ ਵਾਲੇ 18 ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ ਤਿੰਨ ਨਵੇਂ ਸੜਕ ਲਿੰਕ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਨਾਲ ਸਬੰਧਤ ਹਨ ਜਿਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ।

ਸ੍ਰੀਮਤੀ ਬਾਦਲ ਦਾ ਕਹਿਣਾ ਹੈ ਕਿ ਇਨ੍ਹਾਂ 18 ਪ੍ਰਾਜੈਕਟਾਂ ਵਿੱਚੋਂ 8 ਫਿਰੋਜ਼ਪੁਰ ਤੇ ਬਠਿੰਡਾ ਸੰਸਦੀ ਹਲਕਿਆਂ ਨਾਲ ਸਬੰਧਤ ਹਨ, ਇਸੇ ਕਾਰਨ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਪ੍ਰਤੀ ਸੁਸਤ ਰਫਤਾਰ ਚੱਲੋ ਨੀਤੀ ਅਪਣਾਈ ਗਈ। ਪਰ ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਸਾਡੇ ਕੋਲ ਪਹੁੰਚ ਕੀਤੀ ਤਾਂ ਅਸੀਂ ਇਹ ਮਾਮਲਾ ਕੇਂਦਰੀ ਹਾਈਵੇ ਮੰਤਰਾਲੇ ਕੋਲ ਚੁੱਕਿਆ। ਇਸਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਨਿਤਿਨ ਗਡਕਰੀ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਇਹਨਾਂ ਸੜਕੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ।

ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਡਕਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਸਾਰੇ ਸੜਕੀ ਪ੍ਰਾਜੈਕਟ ਮਨਜੂਰ ਕਰ ਲਏ ਹਨ। ਇਨ੍ਹਾਂ ਪ੍ਰਾਜੈਕਟਾਂ ਵਿਚ ਉਹ ਵੀ ਸ਼ਾਮਲ ਹਨ ਜੋ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਹਨ ਅਤੇ ਇਹਨਾਂ ਵਿਚ ਪਾਤੜਾਂ-ਨਕੋਦਰ, ਨਕੋਦਰ-ਗੁਰਦਾਸਪੁਰ ਅਤੇ ਨਕੋਦਰ-ਅੰਮ੍ਰਿਤਸਰ ਹਿੱਸੇ ਵੀ ਸ਼ਾਮਲ ਹਨ। ਉਮੀਦ ਹੈ ਕਿ ਇਨ੍ਹਾਂ ਪ੍ਰਾਜੈਕਟਾਂ ‘ਤੇ ਇਕ ਸਾਲ ਦੇ ਅੰਦਰ ਅੰਦਰ ਕੰਮ ਸ਼ੁਰੂ ਹੋ ਜਾਵੇਗਾ।

ਸ੍ਰੀਮਤੀ ਬਾਦਲ ਨੇ ਕਿਹਾ ਕਿ ਬਠਿੰਡਾ ਤੇ ਫਿਰੋਜ਼ਪੁਰ ਸੰਸਦੀ ਹਲਕਿਆਂ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਮਲੌਟ ਮੰਡੀ-ਡਬਵਾਲੀ, ਸੁਨਾਮ-ਭੈਣੀ ਬਾਘਾ, ਭੈਣੀ ਬਾਘਾ-ਕੋਟ ਸ਼ਮੀਰ, ਝੋਕੇ ਹਰੀਹਰ-ਬੂਰਾਗੁੱਜਰ, ਰੁਪਾਣਾ-ਮਲੌਟ-ਮੰਡੀ ਡਬਵਾਲੀ, ਅਬੋਹਰ-ਫਾਜ਼ਿਲਕਾ, ਜੋਧਪੁਰ ਰੋਮਾਣਾ-ਮੰਡੀ ਡਬਵਾਲੀ ਅਤੇ ਮਲੌਟ-ਸਾਧੂਵਾਲੀ ਸੜਕਾਂ ਸ਼ਾਮਲ ਹਨ। ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਣ ਨਾਲ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚੋਂ ਸੜਕਾਂ ਕੱਢਣ ਲਈ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰੇਗੀ ਜਿਸ ਕਾਰਨ ਜ਼ਮੀਨਾਂ ਦੇ ਰੇਟ ਵਧਣ ਦੇ ਆਸਾਰ ਹਨ।