ਬਿਜਲੀ ਚੋਰੀ ਕਰਨ ਵਾਲਿਆਂ ਵਾਸਤੇ ਬੁਰੀ ਖਬਰ, ਹੁਣ ਨਹੀਂ ਕਰਵਾ ਸਕਣਗੇ ਇਹ ਸਰਕਾਰੀ ਕੰਮ

ਪੰਜਾਬ ਵਿੱਚ ਜੋ ਬਿਜਲੀ ਦੀ ਚੋਰੀ ਕਰ ਰਹੇ ਹਨ ਉਨ੍ਹਾਂ ਲਈ ਇੱਕ ਬੁਰੀ ਖਬਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੋ ਬਿਜਲੀ ਬੋਰਡ ਦੇ ਡਿਫਾਲਟਰ ਖਪਤਕਾਰ ਹਨ ਉਹ ਹੁਣ ਤੋਂ ਸਰਕਾਰੇ ਦਰਬਾਰੇ ਕੰਮ ਨਹੀ ਕਰਵਾ ਸਕਣਗੇ। ਅਜਿਹੇ ਲੋਕਾਂ ਲਈ ਪਾਸਪੋਰਟ, ਅਸਲਾ, ਜਮਾਂਬੰਦੀ, ਬੈਨਾਮਾ, ਰਜਿਸਟਰੀ, ਆਧਾਰ ਕਾਰਡ, ਪੈਨ-ਕਾਰਡ ਆਦਿ ਬਣਾਉਣ ਲਈ ਬਿਜਲੀ ਬੋਰਡ ਤੋਂ ਪਹਿਲਾਂ NOC ਯਾਨੀ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ।

ਜਾਣਕਾਰੀ ਦੇ ਅਨੁਸਾਰ ਦੱਸ ਦੇਈਏ ਕਿ ਪੰਜਾਬ ਦੇ ਸਾਰੇ ਬਿਜਲੀ ਬੋਰਡ ਦਫ਼ਤਰਾਂ ‘ਚ ਈ.ਐਸ.ਆਈ. ਧਾਰਾ 91.1, 91.2, 91.3 ਦੇ ਤਹਿਤ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬਿਜਲੀ ਬੋਰਡ ਦਫ਼ਤਰਾਂ ਵਲੋਂ ਡਿਪਟੀ ਕਮਿਸ਼ਨਰ, ਤਹਿਸੀਲਦਾਰ, ਥਾਣਾ ਪੁਲਿਸ, ਸੁਵਿਧਾ ਕੇਂਦਰ, ਐਸ.ਡੀ.ਐਮ. ਦਫ਼ਤਰਾਂ ‘ਚ ਸਰਕੁਲਰ ਦੀਆਂ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ ਅਤੇ ਪਾਵਰਕਾਮ ਤੋਂ ਐਨ.ਓ.ਸੀ. ਲੈਣਾ ਜ਼ਰੂਰੀ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਸ ਆਧਾਰ ‘ਤੇ ਲਗਭਗ ਪਿਛਲੇ 15-20 ਸਾਲਾਂ ਤੋਂ ਸ਼ਹਿਰਾਂ ਵਿੱਚ ਇਹ ਸਰਕੁਲਰ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਹੁਣ ਤੱਕ ਬਿਜਲੀ ਬੋਰਡ ਨੂੰ ਡਿਫਾਲਟਰ ਕਿਸਾਨਾਂ ਤੇ ਫ਼ਰਮਾਂ ਨੂੰ ਵਾਰ ਵਾਰ ਨੋਟਿਸ ਜਾਰੀ ਕਰਨਾ ਪੈਂਦਾ ਸੀ ਅਤੇ ਬਿਜਲੀ ਦਾ ਬਕਾਇਆ ਬਿੱਲ ਜਮਾਂ ਕਰਵਾਉਣ ਲਈ ਲੋਕਾਂ ਦੇ ਮਗਰ ਮਗਰ ਫਿਰਨਾ ਪੈਂਦਾ ਸੀ।

ਪਰ ਇੰਨੇ ਸਭ ਤੋਂ ਬਾਅਦ ਵੀ ਖਪਤਕਾਰਾਂ ‘ਤੇ ਜੂੰ ਨਹੀ ਸਰਕਦੀ ਸੀ। ਇਸੇ ਲਈ ਹੁਣ ਇਹ ਸਖਤ ਫੈਸਲਾ ਲਿਆ ਗਿਆ ਹੈ ਜਿਸ ਨਾਲ ਬਿਜਲੀ ਬੋਰਡ ਦੇ ਹਰ ਦਫ਼ਤਰ, ਉਪ ਦਫ਼ਤਰਾਂ ਦੀ ਕਰੋੜਾਂ ਅਰਬਾਂ ਰੁਪਏ ਦੀ ਭਰਪਾਈ ਹੋ ਸਕੇਗੀ।

ਜੇਕਰ ਖਪਤਕਾਰ ਬਿਜਲੀ ਬੋਰਡ ਤੋਂ NOC ਨਹੀਂ ਲੈਣਗੇ ਤਾਂ ਉਨ੍ਹਾਂ ਨੂੰ ਅਸਲਾ ਲਾਇਸੰਸ ਰੀਨਿਊ, ਪਾਸਪੋਰਟ, ਰਜਿਸਟਰੀਆਂ ਅਤੇ ਹੋਰਾਂ ਸਰਕਾਰੀ ਕੰਮਾਂ ਵਿੱਚ ਮੁਸ਼ਕਿਲ ਆਵੇਗੀ। ਬਿਜਲੀ ਬੋਰਡ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਹੁਣ ਕੋਈ ਵੀ ਸਰਕਾਰੀ ਕੰਮ ਬਿਜਲੀ ਬੋਰਡ ਦੀ ਐਨ.ਓ.ਸੀ. ਬਿਨਾਂ ਨਹੀ ਹੋਵੇਗਾ।