ਹੁਣ ਇਲੈਕਟ੍ਰਿਕ ਸਾਈਕਲ ਖਰੀਦਣ ਵਾਸਤੇ ਸਰਕਾਰ ਦੇਵੇਗੀ 5500 ਰੁਪਏ, ਜਾਣੋ ਪੂਰੀ ਸਕੀਮ

ਗਲੋਬਲ ਵਾਰਮਿੰਗ ਅਤੇ ਵਧਦੇ ਪ੍ਰਦੂਸ਼ਣ ਦੇ ਕਾਰਨ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਲੋਕਾਂ ਨੂੰ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਿਤ ਕਰ ਰਹੀਆਂ ਹਨ। ਪਰ ਇਲੈਕਟ੍ਰਿਕ ਵਹੀਕਲ ਕਾਫੀ ਮਹਿੰਗੇ ਹੁੰਦੇ ਹਨ ਅਤੇ ਹਰ ਕੋਈ ਨਹੀਂ ਖਰੀਦ ਸਕਦਾ । ਇਸ ਲਈ ਜੇਕਰ ਤੁਸੀਂ ਇਲੈਕਟ੍ਰਿਕ -ਸਾਈਕਲ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ।

ਦਰਅਸਲ ਹੁਣ ਸਰਕਾਰ ਈ-ਸਾਈਕਲ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਜੇਕਰ ਹੁਣ ਤੁਸੀਂ ਇਲੈਕਟ੍ਰਿਕ ਸਾਈਕਲ ਖਰੀਦਦੇ ਹੋ ਤਾਂ ਤੁਹਾਨੂੰ ਸਰਕਾਰ ਸਬਸਿਡੀ ਦੇਵੇਗੀ। ਜਾਣਕਾਰੀ ਦੇ ਅਨੁਸਾਰ ਸਰਕਾਰ ਪਹਿਲੇ ਪੜਾਅ ‘ਚ ਲਗਭਗ 10,000 ਸਾਈਕਲਾਂ ‘ਤੇ ਸਬਸਿਡੀ ਦੇਵੇਗੀ। ਇਸਤੋਂ ਬਾਅਦ ਜਲਦ ਹੀ ਇਸ ਸਕੀਮ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਫਿਲਹਾਲ ਦਿੱਲੀ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬਾਕੀ ਰਾਜਾਂ ਵਿੱਚ ਵੀ ਇਸ ਤਰਾਂ ਦੀਆਂ ਯੋਜਨਾਵਾਂ ਜਲਦ ਹੀ ਦੇਖਣ ਨੂੰ ਮਿਲ ਸਕਦੀਆਂ ਹਨ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ‘ਚ ਈ-ਸਾਈਕਲ ਖਰੀਦਣ ਵਾਲਿਆਂ ਨੂੰ ਦਿੱਲੀ ਸਰਕਾਰ ਵੱਲੋਂ 5500 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਪਹਿਲੇ ਪੜਾਅ ‘ਚ ਸਰਕਾਰ 1,000 ਈ-ਸਾਈਕਲਾਂ ‘ਤੇ ਸਬਸਿਡੀ ਦੇਵੇਗੀ। ਫਿਲਹਾਲ ਇਹ ਸਬਸਿਡੀ 5500 ਰੁਪਏ ਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਈ-ਸਾਈਕਲ ਅਤੇ ਈ-ਕਾਰਟ ਦੀ ਖਰੀਦ ‘ਤੇ ਲੋਕਾਂ ਨੂੰ 15,000 ਰੁਪਏ ਤੱਕ ਦੀ ਛੋਟ ਦੇ ਸਕਦੀ ਹੈ।

ਦੱਸ ਦੇਈਏ ਕਿ ਹੁਣ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਈ-ਸਾਈਕਲ ਦੀ ਖਰੀਦ ‘ਤੇ 30,000 ਰੁਪਏ ਤੱਕ ਦੀ ਸਬਸਿਡੀ ਦੇਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਦੇ ਅਨੁਸਾਰ ਈ-ਸਾਈਕਲ ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਹੈ। ਇਨ੍ਹਾਂ ਈ-ਸਾਈਕਲਾਂ ਦੀ ਵਰਤੋਂ ਡਿਲੀਵਰੀ ਸਰਵਿਸ ਲਈ ਕੀਤੀ ਜਾ ਸਕਦੀ ਹੈ। ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ।