ਜੇਕਰ ਤੁਹਾਡੇ ਕੋਲ ਵੀ ਹੈ ਡ੍ਰਾਈਵਿੰਗ ਲਾਇਸੈਂਸ ਤਾਂ ਇਹ ਖ਼ਬਰ ਜਰੂਰ ਪੜ੍ਹੋ

ਜੇਕਰ ਤੁਹਾਡਾ ਡਰਾਈਵਿੰਗ ਲਾਈਸੇਂਸ ਬਣਿਆ ਹੋਇਆ ਹੈ ਤਾਂ ਤੁਹਾਡੇ ਲਈ ਇੱਕ ਜਰੂਰੀ ਖ਼ਬਰ ਹੈ। ਦਰਅਸਲ ਪੰਜਾਬ ‘ਚ ਜਿਨ੍ਹਾਂ ਲੋਕਾਂ ਦੇ ਡਰਾਈਵਿੰਗ ਲਾਈਸੈਂਸ ਪੁਰਾਣੇ ਤਰੀਕੇ ਨਾਲ (ਮੈਨੂਅਲ ਡਰਾਈਵਿੰਗ ਲਾਈਸੈਂਸ) ਬਣੇ ਹੋਏ ਹਨ, ਹੁਣ ਉਹ ਆਪਣੇ ਲਾਈਸੇਂਸ ਅਪਗਰੇਡ ਕਰਵਾ ਕੇ ਡਿਜੀਟਲ ਡਰਾਈਵਿੰਗ ਲਾਈਸੈਂਸ ਬਣਾ ਸਕਦੇ ਹਨ। ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਮੁਹਿੰਮ ਦੇ ਅਨੁਸਾਰ ਤੁਸੀਂ ਆਨਲਾਈਨ ਅਪਲਾਈ ਕਰਕੇ ਡਿਜੀਟਲ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰ ਸਕਦੇ ਹੋ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਜਨਤਕ ਮੈਨੂਅਲ ਡਰਾਈਵਿੰਗ ਲਾਈਸੈਂਸ ਧਾਰਕਾਂ ਨੂੰ ‘ਸਾਰਥੀ ਵੈੱਬ ਐਪਲੀਕੇਸ਼ਨ’ ‘ਤੇ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹਾਸਲ ਨਾ ਹੋਣ ਕਾਰਨ ਅਜਿਹੇ ਲਾਈਸੈਂਸਾਂ ਨੂੰ ਤਸਦੀਕ ਕਰਨ ਸਮੇਂ ਵੀ ਮੁਸ਼ਕਲ ਆਉਂਦੀ ਸੀ।

ਪਰ ਹੁਣ ਪੁਰਾਣੇ ਤਰੀਕੇ ਨਾਲ ਦਸਤੀ ਰੂਪ ‘ਚ ਕਾਪੀਆਂ ‘ਤੇ ਬਣੇ ਜਾਂ ਬਿਨਾਂ ਚਿੱਪ ਤੋਂ ਪ੍ਰਿੰਟਿਡ ਡਰਾਈਵਿੰਗ ਲਾਈਸੈਂਸਾਂ ਨੂੰ ਹੁਣ ‘ਸਾਰਥੀ ਵੈੱਬ ਐਪਲੀਕੇਸ਼ਨ’ ਜ਼ਰੀਏ ਅਪਗਰੇਡ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ‘ਵਾਹਨ ਅਤੇ ਸਾਰਥੀ ਐਪਲੀਕੇਸ਼ਨਾਂ’ ਦੇ ਲਾਗੂ ਹੋਣ ਤੋਂ ਪਹਿਲਾਂ ਡਰਾਈਵਿੰਗ ਲਾਈਸੈਂਸ ਹੱਥੀਂ ਜਾਰੀ ਕੀਤੇ ਜਾ ਰਹੇ ਸਨ। ਇਸ ਐਪਲੀਕੇਸ਼ਨ ਵਿੱਚ ਬਿਨੈਕਾਰ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਘਰ ਤੋਂ ਹੀ ਅਪਲਾਈ ਕਰ ਸਕਦਾ ਹੈ।

 

ਉਨ੍ਹਾਂ ਕਿਹਾ ਕਿ ‘ਸਾਰਥੀ ਵੈੱਬ ਐਪਲੀਕੇਸ਼ਨ’ ‘ਚ ਅਪਲਾਈ ਕਰਨ ਲਈ ਡਰਾਈਵਿੰਗ ਲਾਈਸੈਂਸ ਧਾਰਕਾਂ ਨੂੰ www.sarathi.parivahan.gov.in ਜਾਂ ਮੋਬਾਇਲ ਐਪ ‘ਐਮਪਰਿਵਾਹਨ’ ‘ਤੇ ਜਾ ਕੇ ਇਹ ਦੇਖਣਾ ਪਵੇਗਾ ਕਿ ਸਾਰਥੀ ਐਪ ‘ਚ ਉਨ੍ਹਾਂ ਦਾ ਵੇਰਵਾ ਹੈ ਜਾਂ ਨਹੀਂ। ਜੇਕਰ ਬਿਨੈਕਾਰ ਦੇ ਵੇਰਵੇ ਸਾਰਥੀ ਡਾਟਾਬੇਸ ‘ਚ ਨਹੀਂ ਹਨ ਤਾਂ ਬਿਨੈਕਾਰ www.punjabtransport.org ਜਾਂ www.sarathi.parivahan.gov.in ‘ਤੇ ਜਾ ਕੇ ਵੇਰਵੇ ਅਪਡੇਟ ਕਰ ਸਕੇਗਾ।