ਜਮੀਨ ਦੇ ਇੰਤਕਾਲ ਵਿੱਚ ਇਹ ਗੜਬੜੀ ਕਰਨ ਤੇ ਨਾਇਬ ਤਹਿਸੀਲਦਾਰ, ਪਟਵਾਰੀ, ਤੇ ਨੰਬਰਦਾਰ ਨੂੰ ਜਾਣਾ ਪਿਆ ਜੇਲ੍ਹ

ਪਿੰਡ ਸੂੰਕ, ਤਹਿਸੀਲ ਮਾਜਰੀ, ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ਮਲਾਤ ਜਮੀਨ ਦੇ ਹਿੱਸਿਆਂ ਦੀ ਵੰਡ ਨੂੰ ਲੇਕਰ ਘਪਲਾ ਕਰਨ ਦੇ ਦੋਸ਼ਾਂ ਹੇਠ 8 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਨਾਇਬ ਤਹਿਸੀਲਦਾਰ, ਪਟਵਾਰੀ ਤੇ ਪ੍ਰੋਪਰਟੀ ਡੀਲਰ ਸ਼ਾਮ ਲਾਲ ਗੁੱਜਰ ਅਤੇ ਗੁਰਨਾਮ ਸਿੰਘ ਨੰਬਰਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਕੱਲ ਹੀ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਅਤੇ ਅਦਾਲਤ ਵੱਲੋਂ ਦੋਸ਼ੀਆਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ।

ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕੱਦਮਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਐਫ.ਆਈ.ਆਰ. ਨੰਬਰ 13 ਮਿਤੀ 02-11-2020 ਅ/ਧ 409, 420, 465, 466, 467, 471, 120-ਬੀ ਆਈ.ਪੀ.ਸੀ. ਅਤੇ 7, 7 (ਏ) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਉਪਰੰਤ ਕੀਤੀ ਗਈ ਹੈ।

ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲਾ ਦੀ ਜਾਂਚ ਦੌਰਾਨ ਦਸਤਾਵੇਜਾਂ ਤੋਂ ਪਾਇਆ ਗਿਆ ਹੈ ਕਿ ਪਿੰਡ ਸੂੰਕ ਦੀ ਸ਼ਾਮਲਾਤ ਬਾਰੇ ਏ.ਡੀ.ਸੀ. (ਵਿਕਾਸ) ਵੱਲੋਂ ਮਿਤੀ 01-07-2016 ਦੇ ਫੈਸਲੇ ਅਨੁਸਾਰ ਉਸ ਵਕਤ ਦੇ ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵੱਲੋਂ ਸ਼ਾਮ ਲਾਲ ਪ੍ਰੋਪਰਟੀ ਡੀਲਰ, ਗੁਰਨਾਮ ਸਿੰਘ ਨੰਬਰਦਾਰ ਅਤੇ ਹੋਰ ਪ੍ਰੋਪਰਟੀ ਡੀਲਰਾਂ ਆਦਿ ਨਾਲ ਮਿਲ ਕੇ ਜਮੀਨ ਦੇ ਹਿੱਸਿਆਂ ਦੀ ਵੰਡ ਸਬੰਧੀ ਇੰਤਕਾਲ ਦਰਜ ਕੀਤੇ ਗਏ।

ਇੰਤਕਾਲ ਕਰਨ ਸਮੇਂ ਇਹਨਾ ਵਿਅਕਤੀਆਂ ਵੱਲੋਂ 1295 ਏਕੜ ਜ਼ਮੀਨ ਦੀ ਵੰਡ ਵਿੱਚੋਂ ਪਿੰਡ ਸੂੰਕ ਦੇ 24 ਹਿੱਸੇਦਾਰ, ਜਿਹਨਾ ਵਿੱਚ ਬਲਜੀਤ ਕੌਰ ਪਤਨੀ ਕਿਸ਼ਨ ਸਿੰਘ, ਨਸੀਬ ਸਿੰਘ ਪੁੱਤਰ ਗੰਗਾ ਸਿੰਘ, ਬੰਤਾ ਸਿੰਘ ਪੁੱਤਰ ਚੰਨਣ ਸਿੰਘ, ਉਜਾਗਰ ਸਿੰਘ ਪੁੱਤਰ ਠਾਕੁਰ ਸਿੰਘ ਆਦਿ ਦੇ ਤਕਰੀਬਨ 117 ਏਕੜ ਜਮੀਨ ਦੇ ਹਿੱਸੇ ਘੱਟ ਕਰ ਦਿੱਤੇ ਗਏ ਜਦਕਿ ਕਈ ਅਜਿਹੇ ਹਿੱਸੇਦਾਰ ਵੀ ਜੋੜ ਦਿੱਤੇ ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ।

ਇਸ ਤਰ੍ਹਾਂ ਜ਼ਮੀਨ ਦੇ ਹਿੱਸਿਆਂ ਨੂੰ ਵਧਾਉਣ-ਘਟਾਉਣ ਕਰਕੇ 99 ਏਕੜ 4 ਕਨਾਲ 14.32 ਮਰਲੇ ਦਾ ਫਰਕ ਹੋਣਾ ਪਾਇਆ ਗਿਆ ਹੈ ਅਤੇ ਕਈ ਇਹੋ-ਜਿਹੇ ਹਿੱਸੇਦਾਰ ਹਨ, ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ ਅਤੇ ਵਿਜੀਲੈਂਸ ਪੜਤਾਲ ਦੌਰਾਨ ਇਹ ਵਿਅਕਤੀ ਟਰੇਸ ਵੀ ਨਹੀਂ ਹੋਏ।