ਇਫ਼ਕੋ ਨੇ ਸਿਧੇ 700 ਰੁ ਵਧਾਏ ਡੀ.ਏ.ਪੀ. ਬੈਗ ਦੇ ਰੇਟ, ਜਾਣੋ ਨਵੀਂ ਕੀਮਤ

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਹੱਦਾਂ ‘ਤੇ ਡਟੇ ਬੈਠੇ ਕਿਸਾਨਾਂ ਖਿਲਾਫ਼ ਕੇਂਦਰ ਸਰਕਾਰ ਨਿੱਤ ਗੁੱਸੇ ‘ਤੇ ਗੁੱਸਾ ਕੱਢ ਰਹੀ ਹੈ। ਡੀਜ਼ਲ ਦੀ ਮਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਪਹਿਲਾਂ ਹੀ ਡੁੱਬ ਰਹੀ ਕਿਸਾਨੀ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਇਕ ਪਾਸੇ ਜਿਥੇ ਕੇਂਦਰ ਸਰਕਾਰ ਨੇ 2024 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗੱਲ ਕਹਿ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਲੁੱਟਣ ਦੀ ਪੂਰੀ ਤਿਆਰੀ ਚੱਲ ਰਹੀ ਹੈ

ਡੀਜ਼ਲ ਤੇ ਖਾਦਾਂ ਦੇ ਭਾਅ ਵੱਧ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਖੇਤੀ ਖ਼ਰਚੇ ਆਉਣ ਵਾਲੇ ਦਿਨਾਂ ਫਸਲਾਂ ਦੀ ਕੀਮਤ ਤੋਂ ਵੀ ਟੱਪ ਜਾਣਗੇ |ਕਿਸਾਨਾਂ ‘ਤੇ ਜਲਦੀ ਹੀ ਡੀ.ਏ.ਪੀ. ਖਾਦ ਤੋਂ ਇਲਾਵਾ ਫਾਸਫੋਰਿਕ ਤੇ ਹੋਰ ਖਾਦਾਂ ਦੇ ਵਧੇ ਰੇਟਾਂ ਦਾ ਬੋਝ ਪੈਣ ਵਾਲਾ ਹੈ |

ਕਿਰਸਾਨੀ ‘ਤੇ ਅੱਜ ਨਵਾਂ ਆਰਥਿਕ ਹਥੌੜਾ ਮਾਰਦੇ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ। ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀ.ਏ.ਪੀ. ਖਾਦ ਪ੍ਰਤੀ 50 ਕਿੱਲੋ ਬੈਗ 1900 ਰੁਪਏ ‘ਚ ਮੁਹੱਈਆ ਹੋਵੇਗਾ, ਇਹ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ।

ਖਾਦ ਕੰਪਨੀਆਂ ਵਲੋਂ ਹਰ ਸਾਲ ਡੀ.ਏ.ਪੀ. ਅਤੇ ਡੀ.ਏ.ਪੀ. ਖਾਦ ਦੇ ਰਾਅ ਮੈਟੀਰੀਅਲ ਦੇ ਫਰਵਰੀ ਜਾਂ ਮਾਰਚ ਮਹੀਨੇ ਹੀ ਇੰਟਰਨੈਸ਼ਨਲ ਕੰਪਨੀਆਂ ਨਾਲ ਸੌਦੇ ਕੀਤੇ ਜਾਂਦੇ ਹਨ ਸੋ ਖਾਦ ਕੰਪਨੀਆਂ ਦੇ ਮਹਿੰਗੇ ਭਾਅ ਨਾਲ ਸੌਦੇ ਹੋ ਚੁੱਕੇ ਹਨ ਜਿਸ ਦੀ ਸਪਲਾਈ ਅਪੈ੍ਰਲ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ |

ਇਫ਼ਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਦੇ ਦਸਤਖ਼ਤਾਂ ਵਾਲਾ ਪੱਤਰ ਨੰਬਰ ਐਮ.ਕੇ.ਸੀ.ਓ./ਐਮ.ਐਸ./2021-22 ਬੀਤੇ ਕੱਲ੍ਹ 7 ਅਪ੍ਰੈਲ 2021 ਨੂੰ ਜਾਰੀ ਹੋਇਆ ਹੈ। ਜਦਕਿ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ।