ਕਾਮਿਆਂ ਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਨੇ ਖੋਲ੍ਹੇ ਦਰਵਾਜ਼ੇ, ਦਿਸੰਬਰ ਵਿੱਚ ਇਸ ਤਰਾਂ ਕਰੋ ਅਪਲਾਈ

ਲਗਭਗ ਪਿਛਲੇ ਦੋ ਸਾਲ ਤੋਂ ਮਹਾਮਾਰੀ ਦੇ ਕਾਰਨ ਬੰਦ ਰਹੀਆਂ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਯੋਗ ਵੀਜ਼ਾ ਧਾਰਕਾਂ ਲਈ 1 ਦਿਸੰਬਰ ਤੋਂ ਦੁਬਾਰਾ ਖੋਲ੍ਹ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵੀਜ਼ਾ ਧਾਰਕਾਂ ਨੂੰ ਹੁਣ ਦੇਸ਼ ਵਿੱਚ ਯਾਤਰਾ ਕਰਨ ਦੀ ਆਗਿਆ ਹੈ।

ਇਸ ਛੋਟ ਵਿੱਚ ਹੁਨਰਮੰਦ ਪ੍ਰਵਾਸੀ, ਅੰਤਰਰਾਸ਼ਟਰੀ ਵਿਿਦਆਰਥੀ, ਮਾਨਵਤਾਵਾਦੀ ਦੇ ਨਾਲ-ਨਾਲ ਕੰਮਕਾਜੀ ਛੁੱਟੀਆਂ ਮਣਾਉਣ ਵਾਲੇ ਅਤੇ ਆਰਜ਼ੀ ਪਰਿਵਾਰਕ ਵੀਜ਼ਾ ਧਾਰਕ ਸ਼ਾਮਲ ਹੋਣਗੇ।

ਮੌਰੀਸਨ ਨੇ ਕਿਹਾ ਕਿ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਸਾਡੇ ਵਾਪਸੀ ਦੇ ਰਸਤੇ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਹੁਣ ਲਗਭਗ ਦੋ ਸਾਲ ਬਾਅਦ ਵਿਦੇਸ਼ੀ ਨਾਗਰਿਕ ਸਰਕਾਰੀ ਛੋਟ ਪ੍ਰਾਪਤ ਕਰਨ ਅਤੇ ਲਾਜ਼ਮੀ ਕੁਆਰੰਟੀਨ ਵਿੱਚ ਦਾਖਲ ਹੋਣ ਤੋਂ ਬਿਨਾਂ ਦੇਸ਼ ਵਿੱਚ ਆਉਣ ਦੇ ਯੋਗ ਹੋਣਗੇ।

ਹੁਣ ਨਵੇਂ ਨਿਯਮਾਂ ਦੇ ਅਨੁਸਾਰ ਵੀਜ਼ਾ ਧਾਰਕਾਂ ਨੂੰ ਲਾਜ਼ਮੀ ਤੌਰ ‘ਤੇ ਆਸਟ੍ਰੇਲੀਅਨ ਥੈਰੇਪਿਊਟਿਕ ਗੁਡਜ਼ ਐਡਮਿਨਸਟ੍ਰੇਸ਼ਨ ਦੁਆਰਾ ਪ੍ਰਵਾਨਿਤ ਟੀਕਾ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਟੀਕਾਕਰਣ ਸਥਿਤੀ ਦਾ ਸਬੂਤ ਦੇਣਾ ਜਰੂਰੀ ਹੈ। ਉਨ੍ਹਾਂ ਕੋਲ ਤਿੰਨ ਦਿਨ ਦੇ ਅੰਦਰ ਆਪਣੀ ਨੈਗੇਟਿਵ ਕੋਰੋਨਾ ਰਿਪੋਰਟ ਹੋਣੀ ਜਰੂਰੀ ਹੋਵੇਗੀ।

ਅਤੇ ਨਾਲ ਹੀ ਉਨ੍ਹਾਂ ਨੂੰ ਰਾਜ ਜਾਂ ਖੇਤਰ ਵਿੱਚ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜਾਣਕਾਰੀ ਦੇ ਅਨੁਸਾਰ ਇਸ ਤਬਦੀਲੀ ਦਾ ਮਤਲਬ ਅਫਗਾਨ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਮੁੜ ਵਸੇਬੇ ਲਈ ਵਧੇਰੇ ਮੌਕੇ ਦੇਣਾ ਵੀ ਮੰਨਿਆ ਜਾ ਰਿਹਾ ਹੈ।