ਏਨੀ ਘੱਟ ਕੀਮਤ ‘ਤੇ ਵਿਕੀ 1509 ਦੀ ਢੇਰੀ, ਕਿਸਾਨ ਨਿਰਾਸ਼

ਪੰਜਾਬ ਦੇ ਕੁੱਝ ਇਲਾਕਿਆਂ ਦੇ ਕਿਸਾਨ ਬਾਸਮਤੀ ਚਾਵਲ ਦੀ ਖੇਤੀ ਬਹੁਤ ਪਹਿਲਾਂ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਫਸਲ ਬਹੁਤ ਪਹਿਲਾਂ ਪੱਕ ਕੇ ਤਿਆਰ ਹੋ ਜਾਂਦੀ ਹੈਂ ਅਤੇ ਕਈ ਥਾਈਂ ਕਿਸਾਨ ਹੁਣ ਵੇਚਣ ਲਈ ਫਸਲ ਆਨਾਜ ਮੰਡੀ ਲਿਆ ਰਹੇ ਹਨ। ਕਿਸਾਨਾਂ ਨੂੰ ਹਰ ਵਾਰ ਝੋਨੇ ਦੇ ਰੇਟ ਸਹੀ ਮਿਲਣ ਦੀ ਜਾਂ ਪਿਛਲੀ ਵਾਰੀ ਨਾਲੋਂ ਵੱਧ ਮਿਲਣ ਦੀ ਉਮੀਦ ਜਰੂਰ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਪਰ ਕਿਸਾਨਾਂ ਨੂੰ ਬਾਸਮਤੀ 1509 ਦੇ ਜੋ ਰੇਟ ਮਿਲ ਰਹੇ ਹਨ ਉਨ੍ਹਾਂ ਨੂੰ ਲੈਕੇ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲਾਕ ਅਮਲੋਹ ਦੇ ਭਰਪੂਰਗੜ੍ਹ ਪਿੰਡ ਅਤੇ ਕੰਜਾਰੀ ਦੇ ਦੋ ਅਗਾਂਹਵਧੂ ਕਿਸਾਨਾਂ ਨੇ ਜਦੋਂ ਆਪਣੀ ਤਿਆਰ ਹੋਈ ਝੋਨੇ ਦੀ ਫ਼ਸਲ ਨੂੰ ਵੱਢ ਕੇ ਮੰਡੀ ‘ਚ ਵੇਚਿਆ ਤਾਂ ਇਸਦੀ ਸਾਰੇ ਜ਼ਿਲ੍ਹੇ ‘ਚ ਚਰਚਾ ਹੋ ਰਹੀ ਹੈ। ਇਸ ਮੌਕੇ ਜਗਰੂਪ ਸਿੰਘ ਅਤੇ ਰੁਪਿੰਦਰ ਸਿੰਘ ਨਾਮ ਦੇ ਇਨ੍ਹਾਂ ਦੋਵੇਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਾਸਮਤੀ 1509 ਕਿਸਮ ਲਗਭਗ 80 ਦਿਨਾਂ ‘ਚ ਤਿਆਰ ਹੋਈ ਹੈ।

 

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਲਗਪਗ 24 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ ਹੈ ਅਤੇ ਉਹ ਆਪਣੀ ਝੋਨੇ ਦੀ ਫ਼ਸਲ ਅੱਜ ਹਰਿਆਣਾ ਸਥਿਤ ਚੀਕਾ ਮੰਡੀ ‘ਚ ਵੇਚ ਆਏ ਹਨ। ਨਿਰਾਸ਼ਾ ਦੀ ਗੱਲ ਇਹ ਹੈ ਕਿ ਉਥੇ ਇਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦਾ ਭਾਅ ਸਿਰਫ 1850 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ।

ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 1509 ਦਾ ਭਾਅ ਪਿਛਲੇ ਸਾਲਾਂ ਵਿੱਚ ਜ਼ਿਆਦਾਤਰ 2500 ਤੋਂ ਉੱਤੇ ਹੁੰਦਾ ਹੈ, ਪਰ ਹੁਣ ਦਾ ਭਾਅ ਸੁਣਕੇ ਕਿਸਾਨ ਨਿਰਾਸ਼ ਹੋਏ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਰਕਾਰੀ ਪੱਧਰ ‘ਤੇ ਝੋਨੇ ਦੀ ਖ਼ਰੀਦ ਆਉਣ ਵਾਲੇ ਮਹੀਨੇ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਜਦਕਿ ਅਮਲੋਹ ਹਲਕੇ ਵਿੱਚ ਝੋਨੇ ਦੀ ਜ਼ਿਆਦਾਤਰ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਹਾਲੇ ਤੱਕ ਇਸ ਹਲਕੇ ਦੀਆਂ ਅਨਾਜ ਮੰਡੀਆਂ ‘ਚ ਸਾਫ਼-ਸਫ਼ਾਈ ਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ।