ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ

ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਇਸ ਮਹੀਨੇ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਦਾ ਇੰਤਜ਼ਾਰ ਹੁੰਦਾ ਹੈ ਤਾਂ ਜੋ ਚਿਪਚਿਪੀ ਅਤੇ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ‘ਚ ਫਿਰ ਤੋਂ ਨਮ ਪੂਰਬੀ ਹਵਾਂਵਾਂ ਦੀ ਵਾਪਸੀ ਹੋ ਚੁੱਕੀ ਹੈ ਤੇ ਮਾਨਸੂਨੀ ਬਰਸਾਤਾਂ ਦਾ ਲੰਬਾ, ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ।

ਹਾਲਾਂਕਿ ਅਗਲੇ 2 ਦਿਨ ਤੱਕ ਇਸੇ ਤਰਾਂ ਹੀ ਪਸੀਨੇ ਵਾਲੀ ਗਰਮੀ ਤੰਗ ਕਰਦੀ ਰਹੇਗੀ। ਬਰਸਾਤਾਂ ਹਿਮਾਚਲ ਹੱਦ ਨਾਲ਼ ਲੱਗੀਆਂ, ਟੁੱਟਵੀਆਂ ਰਹਿਣਗੀਆਂ ਅਤੇ ਇੱਕ ਦੁੱਕਾ ਥਾਵਾਂ ਤੇ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਪਰ 19 ਜੁਲਾਈ, ਐਤਵਾਰ ਤੋਂ ਇਨ੍ਹਾਂ ਚ ਚੰਗਾ ਵਾਧਾ ਹੋਵੇਗਾ ਅਤੇ ਉਸਤੋਂ ਬਾਅਦ ਪੂਰੇ ਸੂਬੇ ਚ ਮੂਸਲਾਧਾਰ ਬਰਸਾਤਾਂ ਦੀ ਸ਼ੁਰੂਆਤ ਹੋਣ ਉਮੀਦ ਹੈ।

ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ 19-20-21-22 ਜੁਲਾਈ ਨੂੰ ਪੰਜਾਬ ਦੇ ਲੁਧਿਆਣਾ, ਬਠਿੰਡਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਜਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਹ ਦੀ ਸੰਭਾਵਨਾ ਹੈ। ਨਾਲ ਹੀ ਇਸ ਦੌਰਾਨ ਸੂਬੇ ਦੇ ਕਈ ਜਿਲਿਆਂ, ਖਾਸਕਰ ਮਾਲਵਾ ‘ਚ ਝੜੀਆਂ ਦੀ ਉਮੀਦ ਹੈ। ਉਸਤੋਂ ਬਾਅਦ ਯਾਨੀ 23 ਜੁਲਾਈ ਤੋਂ ਕਾਰਵਾਈਆਂ ਚ ਕਮੀ ਆਵੇਗੀ ਅਤੇ ਬਰਸਾਤਾਂ ਘੱਟ ਹੋਣ ਲੱਗਣਗੀਆਂ।

ਜਾਣਕਾਰੀ ਦੇ ਅਨੁਸਾਰ ਪੰਜਾਬ ਚ 15 ਜੁਲਾਈ ਤੱਕ ਔਸਤ 128mm ਦੇ ਮੁਕਾਬਲੇ 142mm(+10%) ਮੀਂਹ ਦਰਜ ਹੋਏ।
ਮਾਨਸੂਨੀ ਟ੍ਫ ਜਿਸਦੇ ਉੱਤਰ ਵੱਲ ਪੰਜਾਬ ਚ ਖਿਸਕਣ ਨਾਲ਼ ਜਮੀਨੀ ਪੱਧਰ ‘ਤੇ ਖਾੜੀ ਬੰਗਾਲ ਤੋਂ ਨਮ ਪੂਰਬੀ ਹਵਾਂਵਾਂ ਦਾ ਪੰਜਾਬ ਪੁੱਜਣਾਂ ਸ਼ੁਰੂ ਹੋ ਜਾਂਦਾ ਹੈ। ਇਸ ਟ੍ਫ ਦਾ ਪੂਰਬੀ ਹਿੱਸਾ ਖਾੜੀ ਬੰਗਾਲ ਚ ਡੁੱਬਿਆ ਤੇ ਪੱਛਮੀ ਸਿਰਾ ਪੰਜਾਬ ਤੱਕ ਫੈਲਿਆ ਹੁੰਦਾ ਹੈ, ਜਿਸਚੋਂ ਸਮੁੰਦਰੀ ਹਵਾਂਵਾਂ ਲਗਾਤਾਰ ਪੰਜਾਬ ਚ ਨਮੀ ਮੁਹੱਈਆ ਕਰਵਾਉਂਦੀਆਂ ਰਹਿੰਦੀਆਂ ਹਨ ਤੇ ਸੂਬੇ ਚ ਬਰਸਾਤਾਂ ਤੇ ਝੜੀ ਦਾ ਸਬੱਬ ਬਣਦਾ ਹੈ।

ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ}