ਕੀ 1 ਜਨਵਰੀ ਤੋਂ ਬੰਦ ਹੋ ਜਾਣਗੇ 2000 ਦੇ ਨੋਟ ਅਤੇ ਵਾਪਸ ਆਉਣਗੇ 1000 ਰੁ: ਦੇ ਨੋਟ?

ਆਏ ਦਿਨੀਂ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ ਅਤੇ ਲੋਕ ਬਹੁਤ ਸਾਰੀਆਂ ਚੀਜਾਂ ਨੂੰ ਅੱਗੇ ਸ਼ੇਅਰ ਵੀ ਕਰਦੇ ਰਹਿੰਦੇ ਹਨ। ਹੁਣ ਇਸੇ ਤਰਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਇੱਕ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ 1 ਜਨਵਰੀ 2023 ਤੋਂ 1000 ਰੁਪਏ ਦੇ ਨੋਟ ਵਾਪਸ ਮਾਰਕੀਟ ਵਿਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਇਹ ਮੈਸਿਜ ਫਰਜ਼ੀ ਹੈ। ਇਸ ਸਬੰਧੀ ਪੀਆਈਬੀ ਵੱਲੋਂ ਇਕ ਟਵੀਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਇਸ ਤਰਾਂ ਦੇ ਮੈਸੇਜ ਅੱਗੇ ਨਾ ਭੇਜਣ ਦੀ ਅਪੀਲ ਕੀਤੀ ਹੈ। ਇਸ ਟਵੀਟ ਵਿੱਚ ਪੀਆਈਬੀ ਨੇ ਇਸ ਵਾਇਰਲ ਮੈਸੇਜ ਨੂੰ ਜਾਅਲੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਸਭ ਅਫਵਾਹਾਂ ਹਨ।

ਜਾਣਕਾਰੀ ਦੇ ਅਨੁਸਾਰ ਇਸ ਵਾਇਰਲ ਮੈਸੇਜ ਵਿੱਚ ਲਿਖਿਆ ਗਿਆ ਹੈ ਕਿ, “1 ਜਨਵਰੀ 2023 ਤੋਂ 1000 ਰੁਪਏ ਦਾ ਨਵਾਂ ਨੋਟ ਆਵੇਗਾ ਅਤੇ 2000 ਦੇ ਨੋਟ ਬੈਂਕ ਵਿੱਚ ਵਾਪਸ ਚਲੇ ਜਾਣਗੇ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਤੁਹਾਨੂੰ ਸਿਰਫ 50 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਮੈਸੇਜ ਵਿੱਚ ਕਿਹਾ ਗਿਆ ਹੈ ਇਹ ਇਜਾਜ਼ਤ ਵੀ ਸਿਰਫ 10 ਦਿਨਾਂ ਲਈ ਹੋਵੇਗੀ, ਜਿਸ ਤੋਂ ਬਾਅਦ 2000 ਦੇ ਨੋਟਾਂ ਦੀ ਕੋਈ ਕੀਮਤ ਨਹੀਂ ਰਹੇਗੀ। ਨਾਲ ਹੀ ਕਿਹਾ ਗਿਆ ਹੈ ਕਿ 2000 ਦੇ ਜ਼ਿਆਦਾ ਨੋਟ ਆਪਣੇ ਕੋਲ ਨਾ ਰੱਖੋ। ਪਰ ਪੀਆਈਬੀ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਗਿਆ ਹੈ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2016 ਵਿਚ ਨੋਟਬੰਦੀ ਤੋਂ ਬਾਅਦ 1000 ਅਤੇ 500 ਦੇ ਪੁਰਾਣੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾ ਕੇ 500 ਅਤੇ 200 ਦੇ ਨਵੇਂ ਨੋਟ ਚਲਾਏ ਗਏ ਸਨ। ਅਜਿਹਾ ਕਾਲੇ ਧਨ ਨੂੰ ਰੋਕਣ ਲਈ ਕੀਤਾ ਗਿਆ ਸੀ। ਇਸਦੇ ਨਾਲ ਹੀ ਸਰਕਾਰ ਨੇ 2000 ਦੇ ਨਵੇਂ ਨੋਟ ਵੀ ਬਜ਼ਾਰ ਵਿੱਚ ਪੇਸ਼ ਕੀਤੇ ਸਨ।

ਕੁਝ ਸਮਾਂ ਪਹਿਲਾਂ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿਚ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਨਵੇਂ 2000 ਦੇ ਨੋਟਾਂ ਦੀ ਛਪਾਈ ਲਈ 2018-19 ਤੋਂ ਬਾਅਦ ਕੋਈ ਨਵਾਂ ਆਰਡਰ ਨਹੀਂ ਦਿੱਤਾ ਗਿਆ ਹੈ। ਯਾਨੀ ਕਿ ਇਸ ਨੂੰ ਸਰਲ ਸ਼ਬਦਾਂ ਵਿਚ ਸਮਝੀਏ ਤਾਂ ਸ਼ਾਇਦ 2000 ਦੇ ਨਵੇਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ।